ਸੀਆਈਐੱਸਐੱਫ ਵਿੱਚ ਹਰ ਸਾਲ 14,000 ਭਰਤੀਆਂ ਹੋਣ ਦੀ ਉਮੀਦ
ਕੇਂਦਰ ਸਰਕਾਰ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਵਿੱਚ ਕਰਮਚਾਰੀਆਂ ਦੀ ਮਨਜ਼ੂਰਸ਼ੁਦਾ ਗਿਣਤੀ ’ਚ 20,000 ਦਾ ਵਾਧਾ ਕੀਤਾ ਹੈ। ਉਨ੍ਹਾਂ ਨੂੰ ਹਵਾਬਾਜ਼ੀ ਤੇ ਬੰਦਰਗਾਹਾਂ ਵਰਗੇ ਉੱਭਰਦੇ ਖੇਤਰਾਂ ਤੋਂ ਇਲਾਵਾ ਨਕਸਲੀ ਹਿੰਸਾ ਪ੍ਰਭਾਵਿਤ ਖੇਤਰਾਂ ਵਿੱਚ ਮਾਰਚ 2026 ਤੋਂ ਬਾਅਦ ਸਥਾਪਤ ਹੋਣ ਵਾਲੇ ਉਦਯੋਗਿਕ ਕੇਂਦਰਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਅੱਜ ਦੱਸਿਆ ਕਿ 1969 ਵਿੱਚ ਗਠਿਤ ਸੀਆਈਐੱਸਐੱਫ ਵਿੱਚ 2024 ਤੱਕ ਕਰਮਚਾਰੀਆਂ ਦੀ ਅਸਲ ਗਿਣਤੀ 1,62,000 ਸੀ। ਉਨ੍ਹਾਂ ਕਿਹਾ ਕਿ 2024 ਵਿੱਚ ਸੀਆਈਐੱਸਐੱਫ ਵਿੱਚ ਕੁੱਲ 13,230 ਕਰਮਚਾਰੀ ਨਿਯੁਕਤ ਕੀਤੇ ਗਏ ਸਨ ਅਤੇ 2025 ਦੇ ਅਖੀਰ ਤੱਕ 24,098 ਹੋਰ ਕਰਮਚਾਰੀਆਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ। ਅਧਿਕਾਰੀਆਂ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਬਲ ਦੀ ‘ਅਧਿਕਾਰਤ ਹੱਦ’ ਮੌਜੂਦਾ ਦੋ ਲੱਖ ਕਰਮਚਾਰੀਆਂ ਤੋਂ ਵਧਾ ਕੇ 2.20 ਲੱਖ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ 2.20 ਲੱਖ ਕਰਮਚਾਰੀਆਂ ਦੀ ਮਨਜ਼ੂਰਸ਼ੁਦਾ ਗਿਣਤੀ ਲਈ ਸੀਆਈਐੱਸਐੱਫ ਵਿੱਚ ਹਰ ਸਾਲ 14,000 ਕਰਮਚਾਰੀਆਂ ਦੀ ਭਰਤੀ ਕਰਨ ਦੀ ਉਮੀਦ ਹੈ।