ਚੀਨ ਨੇ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਤਿਆਨਜਿਨ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਯਾਤਰਾ ਦਾ ਅੱਜ ਸਵਾਗਤ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਸੰਮੇਲਨ ‘ਇਕਜੁੱਟਤਾ, ਦੋਸਤੀ ਤੇ ਸਾਰਥਕ ਨਤੀਜਿਆਂ ਦਾ ਸੁਮੇਲ’ ਹੋਵੇਗਾ। ਨਵੀਂ ਦਿੱਲੀ ’ਚ ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਇਸ ਹਫ਼ਤੇ ਦੱਸਿਆ ਕਿ ਸੱਤ ਸਾਲ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ’ਚ ਐੱਸਸੀਓ ਦੇ ਸਾਲਾਨਾ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਚੀਨ ਦੀ ਯਾਤਰਾ ਕਰ ਸਕਦੇ ਹਨ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਚੀਨ ਐੱਸਸੀਓ ਤਿਆਨਜਿਨ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਦਾ ਹੈ। ਚੀਨ 31 ਅਗਸਤ ਤੋਂ 1 ਸਤੰਬਰ ਤੱਕ ਤਿਆਨਜਿਨ ’ਚ ਐੱਸਸੀਓ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਕਿਹਾ, ‘ਸਾਡਾ ਮੰਨਣਾ ਹੈ ਕਿ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਤਿਆਨਜਿਨ ਸਿਖਰ ਸੰਮੇਲਨ ਇਕਜੁੱਟਤਾ, ਦੋਸਤੀ ਤੇ ਸਾਰਥਕ ਨਤੀਰਿਆਂ ਦਾ ਸੁਮੇਲ ਹੋ ਨਿੱਬੜੇਗਾ ਅਤੇ ਐੱਸਸੀਓ ਵੱਧ ਇਕਜੁੱਟਤਾ, ਤਾਲਮੇਲ, ਗਤੀਸ਼ੀਲਤਾ ਤੇ ਉਤਪਾਦਕਤਾ ਨਾਲ ਉੱਚ ਗੁਣਵੱਤਾ ਵਾਲੇ ਵਿਕਾਸ ਦੇ ਨਵੇਂ ਦੌਰ ਅੰਦਰ ਦਾਖਲ ਹੋਵੇਗਾ।’ ਉਨ੍ਹਾਂ ਕਿਹਾ ਕਿ ਐੱਸਸੀਓ ਦੇ ਸਾਰੇ ਮੈਂਬਰ ਮੁਲਕਾਂ ਅਤੇ 10 ਕੌਮਾਂਤਰੀ ਸੰਗਠਨਾਂ ਸਮੇਤ 20 ਤੋਂ ਵੱਧ ਦੇਸ਼ਾਂ ਦੇ ਆਗੂ ਸਬੰਧਤ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ।
ਸੰਸਦੀ ਕਮੇਟੀ ਵੱਲੋਂ ਭਾਰਤ-ਅਮਰੀਕਾ ਵਪਾਰ ਵਾਰਤਾ ਬਾਰੇ ਚਰਚਾ 11 ਨੂੰ
ਨਵੀਂ ਦਿੱਲੀ (ਟਨਸ): ਵਿਦੇਸ਼ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਵੱਲੋਂ ਭਾਰਤ-ਅਮਰੀਕਾ ਵਪਾਰ ਵਾਰਤਾ ਬਾਰੇ ਸੋਮਵਾਰ ਨੂੰ ਚਰਚਾ ਕੀਤੀ ਜਾਵੇਗੀ। ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਵਾਈ ਹੇਠਲੀ ਕਮੇਟੀ ਨੇ ਵਣਜ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਸੱਦਿਆ ਹੈ। ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਮੀਟਿੰਗ ਦਾ ਏਜੰਡਾ ਅਮਰੀਕਾ-ਭਾਰਤ ਵਪਾਰ ਵਾਰਤਾ ਅਤੇ ਟੈਰਿਫ ਹੈ। ਉਂਝ ਅਮਰੀਕੀ ਵਫ਼ਦ ਨੇ ਛੇਵੇਂ ਗੇੜ ਦੀ ਗੱਲਬਾਤ ਸਬੰਧੀ 25 ਅਗਸਤ ਨੂੰ ਭਾਰਤ ਆਉਣਾ ਹੈ। ਉਧਰ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਆਏ ਨਿਘਾਰ ਦਰਮਿਆਨ 2+2 ਵਾਰਤਾ ਲਈ ਤਰੀਕ ਤੈਅ ਕਰਨ ਵਾਸਤੇ ਕੂਟਨੀਤਕ ਪੱਧਰ ’ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।