ਆਸਟਰੇਲੀਆ ’ਚ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਆਸਟਰੇਲੀਆ ਦੇ ਅਧਿਕਾਰੀਆਂ ਨੇ ਅੱਜ ਇੱਥੇ ਕਿਹਾ ਕਿ ਦੇਸ਼ ਵਿੱਚ ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ’ਤੇ ਪਾਬੰਦੀ ਲਾਗੂ ਹੋਣ ਵਾਲੀ ਹੈ, ਜਿਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ 10 ਦਸੰਬਰ ਤੋਂ ਸਾਰੇ ਖਾਤਾ ਧਾਰਕਾਂ ਤੋਂ ਉਮਰ ਦੀ ਪੁਸ਼ਟੀ ਦੀ ਮੰਗ ਨਾ ਕਰਨ। ਸਰਕਾਰ ਨੇ ਟਿਕਟਾਕ, ਫੇਸਬੁੱਕ, ਸਨੈਪਚੈਟ, ਰੈਡਿਟ, ਐਕਸ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਦੁਨੀਆ ਵਿੱਚ ਪਹਿਲੀ ਵਾਰ ਲੱਗ ਰਹੀ ਅਜਿਹੀ ਪਾਬੰਦੀ ਨੂੰ ਲਾਗੂ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਸਾਰੇ ਖਾਤਾ ਧਾਰਕਾਂ ਦੀ ਉਮਰ ਦੀ ਪੁਸ਼ਟੀ ਕਰਨਾ ਗੈਰ-ਵਾਜਬ ਹੋਵੇਗਾ। ਆਸਟਰੇਲੀਆ ਦੀ ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ, ਜਿਸ ਨੇ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਸੀ, ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਜੇ ਪਲੇਟਫਾਰਮ ਹਰ ਕਿਸੇ ਦੀ ਉਮਰ ਦੀ ਦੁਬਾਰਾ ਪੁਸ਼ਟੀ ਕਰਨ ਤਾਂ ਇਹ ਗੈਰ-ਵਾਜਬ ਹੋਵੇਗਾ। ਉਨ੍ਹਾਂ ਦੇ ਸ਼ਬਦ ‘ਦੁਬਾਰਾ ਪੁਸ਼ਟੀ’ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਲੇਟਫਾਰਮਾਂ ਕੋਲ ਆਮ ਤੌਰ ’ਤੇ ਪਹਿਲਾਂ ਹੀ ਇਹ ਪਤਾ ਲਾਉਣ ਲਈ ਲੋੜੀਂਦਾ ਡੇਟਾ ਹੁੰਦਾ ਹੈ ਕਿ ਵਰਤੋਂਕਾਰ 16 ਸਾਲ ਤੋਂ ਵੱਧ ਉਮਰ ਦਾ ਹੈ। ਉਨ੍ਹਾਂ ਕਿਹਾ ਕਿ ਪਲੇਟਫਾਰਮਾਂ ਕੋਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ‘ਟਾਰਗੈਟਿੰਗ ਤਕਨਾਲੋਜੀ’ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੀ ਸੰਸਦ ਨੇ ਪਿਛਲੇ ਸਾਲ ਇਸ ਪਾਬੰਦੀ ਨੂੰ ਮਨਜ਼ੂਰੀ ਦਿੱਤੀ ਅਤੇ ਪਲੇਟਫਾਰਮਾਂ ਨੂੰ ਇਸ ਨੂੰ ਲਾਗੂ ਕਰਨ ਦੀ ਯੋਜਨਾ ਬਣਾਉਣ ਲਈ ਇੱਕ ਸਾਲ ਦਾ ਸਮਾਂ ਦਿੱਤਾ ਸੀ। ਜੇ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ 50 ਮਿਲੀਅਨ ਆਸਟਰੇਲਿਆਈ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਪਿਤਾ ਦੇ ਖਾਤੇ ’ਚੋਂ ਪੈਸੇ ਆਨਲਾਈਨ ਗੇਮ ’ਚ ਉਡਾਉਣ ਵਾਲੇ ਪੁੱਤਰ ਵੱਲੋਂ ਖ਼ੁਦਕੁਸ਼ੀ
ਲਖਨਊ: ਲਖਨਊ ਦੇ ਮੋਹਨਲਾਲਗੰਜ ਇਲਾਕੇ ’ਚ 13 ਸਾਲਾ ਦੇ ਲੜਕੇ ਨੇ ਪਿਤਾ ਦੇ ਬੈਂਕ ਖਾਤੇ ’ਚ ਪਏ 14 ਲੱਖ ਰੁਪਏ ਆਨਲਾਈਨ ਗੇਮ ਵਿੱਚ ਹਾਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਮੋਹਨਲਾਲਗੰਜ ਥਾਣੇ ਦੇ ਮੁਖੀ ਡੀ ਕੇ ਸਿੰਘ ਨੇ ਅੱਜ ਦੱਸਿਆ ਕਿ ਲੜਕਾ ਛੇਵੀਂ ’ਚ ਪੜ੍ਹਦਾ ਸੀ ਜਿਸ ਨੇ ਸੋਮਵਾਰ ਨੂੰ ਇਹ ਕਦਮ ਆਪਣੇ ਪਿਤਾ ਨੂੰ ਬੈਂਕ ਖਾਤੇ ’ਚ ਕੋਈ ਵੀ ਪੈਸਾ ਨਾ ਹੋਣ ਦਾ ਪਤਾ ਲੱਗਣ ਮਗਰੋਂ ਡਰ ਕਾਰਨ ਚੁੱਕਿਆ। ਉਨ੍ਹਾਂ ਕਿਹਾ ਕਿ ਲੜਕੇ ਦੇ ਪਿਤਾ ਨੇ ਬੈਂਕ ਮੈਨੇਜਰ ਕੋਲ ਸ਼ਿਕਾਇਤ ਦੇਣ ਮਗਰੋਂ ਘਰ ਆ ਕੇ ਪਰਿਵਾਰ ਨੂੰ ਮਾਮਲੇ ਬਾਰੇ ਦੱਸਿਆ। ਪਰਿਵਾਰ ਦੀ ਗੱਲਬਾਤ ਸੁਣ ਕੇ ਲੜਕਾ ਡਰ ਗਿਆ ਤੇ ਪੜ੍ਹਨ ਬਹਾਨੇ ਛੱਤ ’ਤੇ ਆਪਣੇ ਕਮਰੇ ’ਚ ਚਲਾ ਗਿਆ। ਰਾਤ ਨੂੰ ਜਦੋਂ ਲੜਕੇ ਦੀ ਭੈਣ ਛੱਤ ਉੱਤੇ ਗਈ ਤਾਂ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਾ। ਪਰਿਵਾਰਕ ਮੈਂਬਰ ਲੜਕੇ ਨੂੰ ਸਥਾਨਕ ਕਮਿਊਨਿਟੀ ਹੈਲਥ ਸੈਂਟਰ ’ਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। -ਪੀਟੀਆਈ