DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚੇ ਦੀ ਕਸਟਡੀ ਲਈ ਲੜਾਈ: ਰੂਸੀ ਮਹਿਲਾ ਨੇ ਕਾਨੂੰਨੀ ਤੌਰ ’ਤੇ ਭਾਰਤ ਨਹੀਂ ਛੱਡਿਆ: ਪੁਲੀਸ

ਰੂਸੀ ਦੂਤਾਵਾਸ ਜਾਂਚ ’ਚ ਸਹਿਯੋਗ ਕਰ ਰਿਹੈ: ਦਿੱਲੀ ਪੁਲੀਸ
  • fb
  • twitter
  • whatsapp
  • whatsapp
Advertisement
ਦਿੱਲੀ ਪੁਲੀਸ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਆਪਣੇ ਬੱਚੇ ਦੀ ਕਸਟਡੀ ਲਈ ਲੜਾਈ ਲੜ ਰਹੀ ਰੂਸੀ ਮਹਿਲਾ ਨੇ ਘੱਟੋ-ਘੱਟ ਕਾਨੂੰਨੀ ਢੰਗ ਨਾਲ ਭਾਰਤ ਨਹੀਂ ਛੱਡਿਆ ਹੈ।

ਅਡੀਸ਼ਨਲ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬਾਗਚੀ ਦੇ ਬੈਂਚ ਨੂੰ ਦੱਸਿਆ, ‘‘ਅਸੀਂ ਮਹਿਲਾ ਅਤੇ ਉਸ ਦੇ ਬੱਚੇ ਖ਼ਿਲਾਫ਼ ‘ਲੁੱਕ ਆਊਟ ਸਰਕੂਲਰ’ ਜਾਰੀ ਕੀਤਾ ਹੈ ਅਤੇ ਦੇਸ਼ ਦੇ ਵੱਖ ਵੱਖ ਪੁਲੀਸ ਥਾਣਿਆਂ ਨੂੰ ਮਾਮਲੇ ਸਬੰਧੀ ਸੂਚਿਤ ਕਰ ਦਿੱਤਾ ਹੈ। ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਤੋਂ ਸਾਨੂੰ ਪਾਪਤ ਹੋਈ ਜਾਣਕਾਰੀ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਘੱਟੋ-ਘੱਟ ਕਾਨੂੰਨੀ ਢੰਗ ਅਨੁਸਾਰ ਆਪਣੇ ਬੱਚੇ ਨਾਲ ਦੇਸ਼ ਛੱਡ ਕੇ ਨਹੀਂ ਗਈ ਹੈ।’’

Advertisement

ਇਹ ਜ਼ਿਕਰ ਕਰਦਿਆਂ ਕਿ ਰੂਸੀ ਦੂਤਾਵਾਸ ਜਾਂਚ ’ਚ ਸਹਿਯੋਗ ਦੇ ਰਿਹਾ ਸੀ, ਦਿੱਲੀ ਪੁਲੀਸ ਦੀ ਨੁਮਾਇੰਦਗੀ ਕਰ ਰਹੇ ਭਾਟੀ ਨੇ ਕਿਹਾ ਕਿ ਮਹਿਲਾ 5 ਜੁਲਾਈ ਨੂੰ ਆਪਣੇ ਕਾਊਂਸਲਰ ਸੈਸ਼ਨ ’ਚ ਆਈ ਸੀ ਅਤੇ ਇੱਕ ਘੰਟੇ ’ਚ ਦੂਤਾਵਾਸ ਤੋਂ ਚਲੀ ਗਈ ਸੀ।

ਬੈਂਚ ਨੇ ਵੀਰਵਾਰ ਨੂੰ ਦਿੱਲੀ ਪੁਲੀਸ ਨੂੰ ਬੱਚੇ ਦਾ ਤੁਰੰਤ ਪਤਾ ਲਗਾਉਣ ਦਾ ਨਿਰਦੇਸ਼ ਦਿੱਤਾ ਸੀ ਅਤੇ ਕੇਂਦਰ ਨੂੰ ਉਸ ਲਈ ਲੁੱਕ ਆਊਟ ਨੋਟਿਸ ਜਾਰੀ ਕਰਨ ਸਬੰਧੀ ਕਿਹਾ ਸੀ। ਬੈਂਚ ਨੇ ਵਿਦੇਸ਼ ਮੰਤਰਾਲੇ ਅਤੇ ਪੁਲੀਸ ਨੂੰ ਇਹ ਜਾਂਚ ਕਰਨ ਲਈ ਕਿਹਾ ਕਿ ਕੀ ਰੂਸੀ ਦੂਤਾਵਾਸ ਦੇ ਅਧਿਕਾਰੀਆਂ ਨੇ ਮਹਿਲਾ ਨੂੰ ਵੱਖਰੇ ਪਾਸਪੋਰਟ ’ਤੇ ਭਾਰਤ ਛੱਡਣ ਵਿੱਚ ਮਦਦ ਕੀਤੀ ਸੀ।

ਵੱਖ ਰਹਿ ਰਹੀ ਰੂਸੀ ਪਤਨੀ ਨਾਲ ਬੱਚੇ ਦੀ ਕਸਟਡੀ ਲਈ ਲੜਾਈ ਲੜ ਰਹੇ ਭਾਰਤੀ ਵਿਅਕਤੀ ਨੇ ਉਸ ਖ਼ਿਲਾਫ਼ ਨਾਬਾਲਗ ਦੀ ਹਿਰਾਸਤ ਸਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਕਿਹਾ ਸੀ ਕਿ 7 ਜੁਲਾਈ ਤੋਂ ਉਸ ਨੂੰ ਆਪਣੀ ਅਲੱਗ ਰਹਿ ਰਹੀ ਪਤਨੀ ਅਤੇ ਬੱਚੇ ਦੇ ਰਿਹਾਇਸ਼ੀ ਠਿਕਾਣੇ ਬਾਰੇ ਕੁੱਝ ਵੀ ਪਤਾ ਨਹੀਂ ਹੈ।

ਭਾਟੀ ਨੇ ਦੱਸਿਆ ਕਿ ਮਹਿਲਾ ਕੋਲ ਆਮਦਨ ਦੇ ਸੀਮਿਤ ਸਾਧਨ ਸਨ। ਉਸ ਦੇ ਬੈਂਕ ਖ਼ਾਤੇ ਵਿੱਚ ਸਿਰਫ਼ 160 ਰੁਪਏ ਸਨ ਅਤੇ ਉਸ ਨੇ ਆਪਣੇ ਖ਼ਾਤੇ ਵਿੱਚੋਂ ਆਖ਼ਰੀ ਵਾਰ 250 ਰੁਪਏ ਕਢਵਾਏ ਸਨ। ਬੈਂਚ ਨੇ ਇਸ ਨੂੰ ‘ਬਹੁਤ ਹੀ ਨਾਜ਼ੁਕ ਸਥਿਤੀ’ ਕਰਾਰ ਦਿੱਤਾ। ਇਹ ਨੋਟ ਕੀਤਾ ਗਿਆ, ‘‘ਉਹ ਆਪਣਾ ਅਤੇ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰ ਰਹੀ ਹੈ? ਪਤੀ ਉਸ ਨੂੰ ਕੁਝ ਨਹੀਂ ਦੇ ਰਿਹਾ ਹੈ ਅਤੇ ਅਦਾਲਤ ਨੇ ਵੀ ਉਸ ਨੂੰ ਕੁਝ ਨਹੀਂ ਦਿੱਤਾ ਹੈ।’’

2019 ਤੋਂ ਭਾਰਤ ਵਿੱਚ ਰਹਿ ਰਹੀ ਇੱਕ ਰੂਸੀ ਮਹਿਲਾ ਨਾਗਰਿਕ ਸ਼ੁਰੂ ਵਿੱਚ X-1 ਵੀਜ਼ਾ ’ਤੇ ਭਾਰਤ ਆਈ ਸੀ, ਜਿਸ ਦੀ ਮਿਆਦ ਬਾਅਦ ਵਿੱਚ ਖਤਮ ਹੋ ਗਈ। ਹਾਲਾਂਕਿ ਕਾਰਵਾਈ ਦੇ ਲੰਬਿਤ ਹੋਣ ਦੌਰਾਨ ਅਦਾਲਤ ਨੇ ਸਮੇਂ-ਸਮੇਂ ’ਤੇ ਵੀਜ਼ਾ ਵਧਾਉਣ ਦੇ ਨਿਰਦੇਸ਼ ਦਿੱਤੇ ਸਨ।

ਸਿਖਰਲੀ ਅਦਾਲਤ ਨੇ ਅਧਿਕਾਰੀਆਂ ਨੂੰ ਰੇਲਵੇ ਸਟੇਸ਼ਨਾਂ ਨੂੰ ਦੇਖਣ ਅਤੇ ਕੌਮੀ ਰਾਜਧਾਨੀ ਖੇਤਰ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸੀ ਰਸਤਿਆਂ ਤੋਂ ਇਹ ਤਸਦੀਕ ਕਰਨ ਲਈ ਕਿਹਾ ਕਿ ਕੀ ਉਹ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਕਿਸੇ ਹੋਰ ਪਾਸੇ ਗਈ ਹੈ।

ਭਾਟੀ ਨੇ ਦੱਸਿਆ ਕਿ ਭਾਰਤ ਵਿੱਚ ਰੂਸੀ ਰਾਜਦੂਤ ਨੇ ਕਿਹਾ ਸੀ ਕਿ 10 ਜੁਲਾਈ ਨੂੰ ਮਹਿਲਾ ਦੀ ਮਾਂ ਨੇ ਰੂਸ ਤੋਂ ਫੋਨ ਕਰਕੇ ਕਿਹਾ ਸੀ ਕਿ ਉਸ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਪੁਲੀਸ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਬੱਚੇ ਅਤੇ ਮਾਂ ਦਾ ਪਤਾ ਲਗਾਉਣ ਲਈ ਸਾਰੀਆਂ ਜ਼ਰੂਰੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਭਾਰਤ ਭਰ ਦੇ ਸਾਰੇ ਪੁਲੀਸ ਸੁਪਰਡੈਂਟਾਂ ਨੂੰ ਨੋਟਿਸ ਭੇਜੇ ਗਏ ਹਨ। ਭਾਟੀ ਨੇ ਕਿਹਾ, ‘‘ਉਸਨੇ ਘਰੇਲੂ ਯਾਤਰਾ ਕੀਤੀ ਹੋ ਸਕਦੀ ਹੈ ਪਰ ਕਾਨੂੰਨੀ ਢੰਗ ਨਾਲ ਦੇਸ਼ ਨਹੀਂ ਛੱਡਿਆ।’’

ਬੈਂਚ ਨੇ ਅਧਿਕਾਰੀਆਂ ਨੂੰ ਉਸ ਦਾ ਪਾਸਪੋਰਟ ਜ਼ਬਤ ਕਰਨ ਅਤੇ ਦੇਸ਼ ਭਰ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਹੋਰ ਬੰਦਰਗਾਹਾਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਸੂਚਿਤ ਕਰਨ ਲਈ ਕਿਹਾ ਸੀ ਕਿ ਉਹ ਭਾਰਤ ਨਾ ਛੱਡਣ।

ਵਿਅਕਤੀ ਦੇ ਇਸ ਦੋਸ਼ ਦਾ ਨੋਟਿਸ ਲੈਂਦਿਆਂ ਕਿ ਪੁਲੀਸ ਨਾਬਾਲਗ ਬੱਚੇ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਫ਼ਲ ਰਹੀ ਅਤੇ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ। ਬੈਂਚ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਰੂਸੀ ਦੂਤਾਵਾਸ ਵਿੱਚ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਅਤੇ ਇੱਕ ਰੂਸੀ ਡਿਪਲੋਮੈਟ ਦੇ ਰਿਹਾਇਸ਼ੀ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਲੈਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਨੂੰ ਆਖਰੀ ਵਾਰ 4 ਜੁਲਾਈ ਨੂੰ ਉਸ ਦੀ ਕੰਪਨੀ ਵਿੱਚ ਦੇਖਿਆ ਗਿਆ ਸੀ।

ਸਿਖਰਲੀ ਅਦਾਲਤ ਨੇ 22 ਮਈ ਨੂੰ ਨਿਰਦੇਸ਼ ਦਿੱਤਾ ਸੀ ਕਿ ਬੱਚੇ ਦੀ ਵਿਸ਼ੇਸ਼ ਕਸਟਡੀ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਮਾਂ ਨੂੰ ਦਿੱਤੀ ਜਾਵੇ ਅਤੇ ਬਾਕੀ ਦਿਨਾਂ ਲਈ ਬੱਚੇ ਨੂੰ ਉਸ ਦੇ ਪਿਤਾ ਦੀ ਵਿਸ਼ੇਸ਼ ਕਸਟਡੀ ਵਿੱਚ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਬੈਂਚ ਨੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣ ਪੂਰਬ ਅਤੇ ਦੱਖਣ) ਅਤੇ ਲਾਜਪਤ ਨਗਰ ਅਤੇ ਡਿਫੈਂਸ ਕਲੋਨੀ ਪੁਲੀਸ ਸਟੇਸ਼ਨਾਂ ਦੇ ਥਾਣਾ ਮੁਖੀਆਂ ਨੂੰ ਦੋਵਾਂ ਧਿਰਾਂ ਦੇ ਰਿਹਾਇਸ਼ੀ ਟਿਕਾਣਿਆਂ ’ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਸਨ।

Advertisement
×