ਮੁੱਖ ਮੰਤਰੀ ਵੱਲੋਂ ਗਰੀਨ ਹਾਈਡ੍ਰੋਜਨ ਪਲਾਂਟ ਦਾ ਉਦਘਾਟਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਗੋਰਖਪੁਰ ਜ਼ਿਲ੍ਹੇ ਦੇ ਖਾਨਿਮਪੁਰ ਪਿੰਡ ’ਚ ਟੌਰੈਂਟ ਗੈਸ ਤੇ ਟੌਰੈਂਟ ਪਾਵਰ ਵੱਲੋਂ ਸਥਾਪਤ ਕੀਤੇ ਗਏ ਸੂਬੇ ਦੇ ਪਹਿਲੇ ਗਰੀਨ ਹਾਈਡ੍ਰੋਜਨ ਪਲਾਂਟ ਦਾ ਉਦਘਾਟਨ ਕੀਤਾ। ਉਂਜ ਇਹ ਦੇਸ਼ ਦਾ ਦੂਜਾ ਅਜਿਹਾ ਪਲਾਂਟ ਹੈ।
ਮੁੱਖ ਮੰਤਰੀ ਆਦਿੱਤਿਆਨਾਥ ਨੇ ਗਰੀਨ ਹਾਈਡ੍ਰੋਜਨ ਪਲਾਂਟ ਨੂੰ ਸਵੱਛ ਊਰਜਾ ਦੀ ਦਿਸ਼ਾ ’ਚ ਇੱਕ ਮੀਲ ਪੱਥਰ ਕਰਾਰ ਦਿੰਦਿਆਂ ਆਖਿਆ ਕਿ ਗਰੀਨ ਹਾਈਡ੍ਰੋਜਨ ‘ਭਵਿੱਖ ਦੀ ਊਰਜਾ’ ਦਾ ਸਰੂਪ ਹੈ ਅਤੇ ਇਹ ਜੈਵਿਕ ਵਿਭਿੰਨਤਾ ਦੀ ਰੱਖਿਆ, ਕਾਰਬਨ ਨਿਕਾਸੀ ’ਚ ਕਮੀ ਅਤੇ ਮਨੁੱਖੀ ਸਿਹਤ ’ਤੇ ਸੁਧਾਰ ਲਿਆਉਣ ਲਈ ਫ਼ੈਸਲਾਕੁਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਮਨੁੱਖਤਾ ਤੇ ਸੱਭਿਅਤਾ ਨੂੰ ਬਚਾਉਣਾ ਚਾਹੁੰਦੇ ਹਾਂ ਤਾ ਸਾਨੂੰ ਕਾਰਬਨ ਨਿਕਾਸੀ ਘਟਾਉਣੀ ਪਵੇਗੀ। ਗਰੀਨ ਊਰਜਾ ਨਾ ਸਿਰਫ ਵਾਤਾਵਰਨ ਲਈ ਬਲਕਿ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਘਟਾਉਣ ਲਈ ਵੀ ਅਹਿਮ ਹੋਵੇਗੀ।’’ ਗੋਰਖਪੁਰ ਪਲਾਂਟ ’ਚ ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਗਰੀਨ ਹਾਈਡ੍ਰੋਜਨ ਨੂੰ ਸੀਐੱਨਜੀ ਅਤੇ ਪੀਐੱਨਜੀ ਨਾਲ ਰਲਾਇਆ ਜਾਵੇਗਾ। ਇਹ ਸਵੱਛ ਈਂਧਣ ਨਾਲ ਜੁੜੇ ਆਧੁਨਿਕੀਕਰਨ ਵੱਲ ਇੱਕ ਵੱਡਾ ਕਦਮ ਹੈ। ਇਸ ਦੌਰਾਨ ਸੰਸਦ ਮੈਂਬਰ ਰਵੀ ਕਿਸ਼ਨ ਨੇ ਕਿਹਾ ਕਿ ਇਹ ਗੋਰਖਪੁੁਰ ’ਚ ਇੱਕ ਨਵੀਂ ਊਰਜਾ ਕ੍ਰਾਂਤੀ ਦੀ ਸ਼ੁਰੂਆਤ ਕਰੇਗਾ।