ਛੱਤੀਸਗੜ੍ਹ: ਕੋਲਾ ਖਾਣ ਦੀ ਕੰਧ ਡਿੱਗਣ ਕਾਰਨ ਦੋ ਦੀ ਮੌਤ, ਇੱਕ ਜ਼ਖਮੀ
ਕੋਰਬਾ, 27 ਮਈ
ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਕੋਲਾ ਖਾਣ ਦੀ ਕੰਧ ਦਾ ਇੱਕ ਹਿੱਸਾ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਤੜਕੇ ਸਾਊਥ ਈਸਟਰਨ ਕੋਲਫੀਲਡਜ਼ ਲਿਮਟਿਡ (ਐਸਈਸੀਐਲ) ਦੇ ਗੇਵਰਾ ਓਪਨ-ਕਾਸਟ ਕੋਲਾ ਖਾਣ ਵਿੱਚ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ ਤਿੰਨੇ ਵਿਅਕਤੀ ਕਥਿਤ ਤੌਰ ’ਤੇ ਕੋਲਾ ਚੋਰੀ ਕਰਨ ਲਈ ਖਾਣ ਵਿੱਚ ਦਾਖਲ ਹੋਏ ਸਨ।
ਅਧਿਕਾਰੀ ਨੇ ਕਿਹਾ ਕਿ ਵਿਸ਼ਾਲ ਯਾਦਵ (18) ਅਤੇ ਧਨ ਸਿੰਘ ਕੰਵਰ (24) ਕੋਲੇ ਦੇ ਮਲਬੇ ਹੇਠ ਫਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਸਾਹਿਲ ਧਨਵਰ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਖਾਣ ਪ੍ਰਬੰਧਨ ਅਤੇ ਪੁਲੀਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀ ਵਿਅਕਤੀ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਐੱਸਈਸੀਐੱਲ ਦੇ ਲੋਕ ਸੰਪਰਕ ਅਧਿਕਾਰੀ ਸਨੀਸ਼ ਚੰਦਰ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਤਿੰਨੋਂ ਖਾਣ ਦੀ ਸੀਮਾ ਤੋਂ ਕੋਲਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋਣ, ਜਿਸਦੇ ਨਤੀਜੇ ਵਜੋਂ ਕੋਲੇ ਦੀ ਪਰਤ ਢਹਿ ਗਈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਤਿੰਨੋਂ ਖਾਣ ਸੁਰੱਖਿਆ ਬਿੰਦੂਆਂ ਤੋਂ ਬਚ ਕੇ ਬਿਨਾਂ ਕਿਸੇ ਇਜਾਜ਼ਤ ਅਤੇ ਸੁਰੱਖਿਆ ਦੇ ਖਾਣ ਵਿੱਚ ਦਾਖਲ ਹੋਏ ਸਨ। ਅਧਿਕਾਰੀ ਨੇ ਕਿਹਾ ਕਿ ਐੱਸਈਸੀਐੱਲ ਪ੍ਰਬੰਧਨ ਨੇ ਲੋਕਾਂ ਨੂੰ ਅਜਿਹੀਆਂ ਜੋਖਮ ਭਰੀਆਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ। -ਪੀਟੀਆਈ