ਛੱਤੀਸਗੜ੍ਹ: ਨਕਸਲੀਆਂ ਨਾਲ ਮੁਕਾਬਲੇ ਮਗਰੋਂ ਅਸਲਾ ਅਤੇ ਨਕਦੀ ਬਰਾਮਦ
ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ’ਚ ਅੱਜ ਨਕਸਲੀਆਂ ਨਾਲ ਮੁਕਾਬਲੇ ਮਗਰੋਂ ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ 19 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਚਾਰ ਨਕਸਲੀਆਂ ਵੱਲੋਂ ਆਤਮਸਮਰਪਣ ਕਰਨ ਤੋਂ ਬਾਅਦ ਹੋਇਆ। ਉਨ੍ਹਾਂ ਦੱਸਿਆ ਕਿ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ’ਚੋਂ ਇੱਕ ਤੋਂ ਮਿਲੀ ਸੂਹ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ ਸਵੇਰੇ ਵੇਲੇ ਨਕਸਲ ਵਿਰੋਧੀ ਮੁਹਿੰਮ ਦੌਰਾਨ ਗੋਬਰਾ ਰੋਡ ’ਤੇ ਪਹਾੜੀ ਇਲਾਕੇ ਵਿੱਚ ਮਾਓਵਾਦੀਆਂ ਦੇ ਟਿਕਾਣੇ ਤੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ।
ਅਧਿਕਾਰੀ ਮੁਤਾਬਕ ਮੁਹਿੰਮ ਦੌਰਾਨ ਚਾਰ ਬੀਜੀਐੱਲ ਰੌਂਦ, ਇੱਕ ਹੱਥਗੋਲਾ, ਇਨਸਾਸ ਦੇ 15 ਰੌਂਦ, ਐੱਸਐੱਲਆਰ ਰਾਈਫਲ ਦਾ ਮੈਗਜ਼ੀਨ ਅਤੇ 16.50 ਲੱਖ ਰੁਪਏ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਨਕਸਲ ਵਿਰੋਧੀ ਮੁਹਿੰਮ ਵਿੱਢੀ ਸੀ। ਗੋਲੀਬਾਰੀ ਮਗਰੋਂ ਨਕਸਲੀ ਜੰਗਲ ਵੱਲ ਫਰਾਰ ਹੋ ਗਏ।
ਅਧਿਕਾਰੀਆਂ ਮੁਤਾਬਕ ਆਤਮ-ਸਮਰਪਣ ਕਰਨ ਵਾਲੇ ਚਾਰ ਨਕਸਲੀਆਂ ’ਚ ਦੀਪਕ ਉਰਫ਼ ਭੀਮਾ ਮੰਡਾਵੀ ਮਾਓਵਾਦੀ ਸੰਗਠਨ ਦਾ ਡਿਵੀਜ਼ਨਲ ਏਰੀਆ ਕਮੇਟੀ ਮੈਂਬਰ (ਡੀਵੀਸੀਐਮ) ਸੀ। ਜਦੋਂ ਕਿ ਕੈਲਾਸ਼ ਉਰਫ ਭੀਮਾ ਭੋਗਮ ਅਤੇ ਰਨਿਤਾ ਉਰਫ਼ ਪਾਈਕੀ ਮਾਓਵਾਦੀ ਸੰਗਠਨ ਦੇ ਏਰੀਆ ਕਮੇਟੀ ਮੈਂਬਰ (ਏਸੀਐਮ) ਵਜੋਂ ਕੰਮ ਕਰਦੇ ਸਨ। ਇਕ ਹੋਰ ਨਕਸਲੀ ਦੀ ਪਛਾਣ ਸੁਜੀਤਾ ਉਰਫ਼ ਕਰਮ ਵਜੋਂ ਹੋਈ ਹੈ।