ਕਾਂਗਰਸ-ਆਰਜੇਡੀ ਨੇ ‘ਛਠੀ ਮਈਆ’ ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ: ਮੋਦੀ
ਪ੍ਰਧਾਨ ਮੰਤਰੀ ਨੇ ਮੁਜ਼ੱਫਰਪੁਰ ਵਿਚ ਚੋਣ ਰੈਲੀ ਦੌਰਾਨ RJD ਤੇ Congress ਨੂੰ ਘੇਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਤੇ ਆਰਜੇਡੀ ਬਿਹਾਰ ਚੋਣਾਂ ਵਿਚ ਵੋਟਾਂ ਲਈ ‘ਛਠੀ ਮਈਆ’ ਦਾ ਨਿਰਾਦਰ ਕਰ ਰਹੇ ਹਨ। ਮੁਜ਼ੱਫਰਪੁਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਤੇ ਆਰਜੇਡੀ ਆਗੂਆਂ ਲਈ ਛੱਠ ਪੂਜਾ ਮਹਿਜ਼ ਇਕ ਡਰਾਮਾ ਹੈ ਅਤੇ ਬਿਹਾਰ ਦੇ ਲੋਕ ਸਾਲਾਂਬੱਧੀ ਇਸ ‘ਨਿਰਾਦਰ’ ਨੂੰ ਨਹੀਂ ਭੁੱਲਣਗੇ ਤੇ ਨਾ ਹੀ ਉਨ੍ਹਾਂ ਨੂੰ ਮੁਆਫ਼ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਛੱਠ ਪੂਜਾ ਤੋਂ ਬਾਅਦ ਇਹ ਮੇਰਾ ਬਿਹਾਰ ਦਾ ਪਹਿਲਾ ਦੌਰਾ ਹੈ। ਇਹ ਤਿਉਹਾਰ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਤਿਉਹਾਰ ਸਿਰਫ਼ ਸ਼ਰਧਾ ਲਈ ਹੀ ਨਹੀਂ ਸਗੋਂ ਸਮਾਨਤਾ ਲਈ ਵੀ ਹੈ, ਇਸੇ ਕਾਰਨ ਮੇਰੀ ਸਰਕਾਰ ਇਸ ਤਿਉਹਾਰ ਲਈ ਯੂਨੈਸਕੋ ਵਿਰਾਸਤੀ ਟੈਗ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’ ਸ੍ਰੀ ਮੋਦੀ ਨੇ ਕਿਸੇ ਆਗੂ ਦਾ ਨਾਮ ਲਏ ਬਗੈਰ ਕਿਹਾ, ‘‘ਮੈਂ ਯਾਤਰਾ ਦੌਰਾਨ ਛੱਠ ਦੇ ਗੀਤ ਸੁਣਦਾ ਹਾਂ। ਮੈਂ ਇੱਕ ਵਾਰ ਨਾਗਾਲੈਂਡ ਦੀ ਇੱਕ ਕੁੜੀ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਗੀਤਾਂ ਵਿੱਚੋਂ ਇੱਕ ਨੂੰ ਸੁਣਨ ਲਈ ਪ੍ਰੇਰਿਤ ਹੋਇਆ ਸੀ। ਪਰ ਜਦੋਂ ਤੁਹਾਡਾ ਇਹ ਪੁੱਤਰ ਇਹ ਯਕੀਨੀ ਬਣਾਉਣ ਵਿੱਚ ਰੁੱਝਿਆ ਹੋਇਆ ਹੈ ਕਿ ਛੱਠ ਨੂੰ ਉਸ ਦਾ ਬਣਦਾ ਸਨਮਾਨ ਮਿਲੇ, ਤਾਂ ਕਾਂਗਰਸ-ਆਰਜੇਡੀ ਦੇ ਲੋਕ ਤਿਉਹਾਰ ਦਾ ਮਜ਼ਾਕ ਉਡਾ ਰਹੇ ਹਨ, ਇਸ ਨੂੰ ਇੱਕ ਡਰਾਮਾ, ਨੌਟੰਕੀ ਕਹਿ ਰਹੇ ਹਨ।’’
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਆਪਣੀ ਇੱਕ ਚੋਣ ਰੈਲੀ ਦੌਰਾਨ ਦੋਸ਼ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਨੇ ਛੱਠ ਪੂਜਾ ਮੌਕੇ ਦਿੱਲੀ ਵਿੱਚ ਯਮੁਨਾ ਵਿੱਚ ਡੁਬਕੀ ਲਗਾਉਣ ਦੀ ਯੋਜਨਾ ਬਣਾ ਕੇ ਇੱਕ ‘ਡਰਾਮਾ’ ਰਚਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਮੋਦੀ ਨੇ ਡੁਬਕੀ ਲਗਾਉਣ ਦੀ ਆਪਣੀ ਯੋਜਨਾ ਉਦੋਂ ਛੱਡ ਦਿੱਤੀ ਜਦੋਂ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਜਿਸ ਜਗ੍ਹਾ ਦੀ ਚੋਣ ਕੀਤੀ ਸੀ ਉਹ ਸਾਫ਼ ਪਾਈਪ ਵਾਲੇ ਪਾਣੀ ਨਾਲ ਬਣਿਆ ਇੱਕ ਛੱਪੜ ਸੀ, ਕਿਉਂਕਿ ਯਮੁਨਾ ਬਹੁਤ ਪ੍ਰਦੂਸ਼ਿਤ ਸੀ ਅਤੇ ਨਹਾਉਣ ਦੇ ਯੋਗ ਨਹੀਂ ਸੀ।
ਮੋਦੀ ਨੇ ਕਿਹਾ, ‘‘ਦੇਖੋ ਵੋਟਾਂ ਲਈ ਇਹ ਲੋਕ ਕਿਸ ਹੱਦ ਤੱਕ ਡਿੱਗ ਸਕਦੇ ਹਨ। ਇਹ ਛੱਠ ਦੇ ਤਿਉਹਾਰ ਦਾ ਅਪਮਾਨ ਹੈ ਜਿਸ ਨੂੰ ਬਿਹਾਰ ਸਦੀਆਂ ਤੱਕ ਨਹੀਂ ਭੁੱਲੇਗਾ।’’ ਉਨ੍ਹਾਂ ਦੋਸ਼ ਲਗਾਇਆ ਕਿ ਆਰਜੇਡੀ ਅਤੇ ਕਾਂਗਰਸ ਵਿਚਕਾਰ ਸਬੰਧ ਪਾਣੀ ਅਤੇ ਤੇਲ ਵਾਂਗ ਸਨ, ਅਤੇ ਉਹ ‘ਕਿਸੇ ਵੀ ਕੀਮਤ ’ਤੇ ਸੱਤਾ ਹਥਿਆਉਣ ਲਈ ਇਕੱਠੇ ਹੋਏ ਸਨ, ਤਾਂ ਜੋ ਉਹ ਬਿਹਾਰ ਨੂੰ ਲੁੱਟ ਸਕਣ।’’ ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਦਰਮਿਆਨ ਝਗੜਿਆਂ ਬਾਰੇ ਰਾਜ ਭਰ ਤੋਂ ਰਿਪੋਰਟਾਂ ਆ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਸਾਰੇ ਸਰਵੇਖਣ ਦਰਸਾ ਰਹੇ ਹਨ ਕਿ ਆਰਜੇਡੀ ਦੀ ਅਗਵਾਈ ਵਾਲੇ ਗੱਠਜੋੜ ਨੂੰ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਇਹ ‘ਗ਼ੈਰ-ਯਥਾਰਥਵਾਦੀ ਵਾਅਦੇ’ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਕੱਟਾ, ਕਰੂਰਤਾ, ਕਟੂਤਾ, ਕੁਸ਼ਾਸ਼ਨ ਤੇ ਭ੍ਰਿਸ਼ਟਾਚਾਰ’ ਬਿਹਾਰ ਵਿੱਚ ਆਰਜੇਡੀ ਦੇ ‘ਜੰਗਲ ਰਾਜ' ਦੀਆਂ ਇਹ ਪੰਜ ਪਛਾਣਾਂ’ ਹਨ। ਸ੍ਰੀ ਮੋਦੀ ਨੇ ਸਵਾਲ ਕੀਤਾ ਕਿ ਜਿਨ੍ਹਾਂ ਨੇ ਰੇਲਵੇ ‘ਲੁੱਟ’ ਕੀਤੀ, ਕੀ ਉਹ ਬਿਹਾਰ ਵਿੱਚ ਸੰਪਰਕ ਵਿਕਸਤ ਕਰਨਗੇ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ‘ਜੰਗਲ ਰਾਜ’ ਦੌਰਾਨ ਆਰਜੇਡੀ ਦੇ ‘ਗੁੰਡੇ’ ਵਾਹਨਾਂ ਦੇ ਸ਼ੋਅਰੂਮਾਂ ਦੀ ‘ਲੁੱਟ’ ਕਰਦੇ ਸਨ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਬਿਹਾਰ ਵਿੱਚ ਆਰਜੇਡੀ ਦੇ ਸ਼ਾਸਨ ਦੌਰਾਨ ਅਗਵਾ ਦੇ 35,000-40,000 ਮਾਮਲੇ ਦਰਜ ਹੋਏ।

