ਅਮਰਨਾਥ ਗੁਫ਼ਾ ਲਈ ‘ਛੜੀ ਮੁਬਾਰਕ’ ਯਾਤਰਾ ਸ਼ੁਰੂ
ਅਮਰਨਾਥ ਯਾਤਰਾ ਦਾ ਅੰਤਿਮ ਗੇੜ ਅੱਜ ਸ਼ੁਰੂ ਹੋ ਗਿਆ। ਮਹੰਤ ਦੀਪੇਂਦਰ ਗਿਰੀ ਨੇ ਭਗਵਾਨ ਸ਼ਿਵ ਦੀ ਪਵਿੱਤਰ ਛੜੀ ‘ਛੜੀ ਮੁਬਾਰਕ’ ਨੂੰ ਦਸ਼ਨਾਮੀ ਅਖਾੜਾ ਮੰਦਰ ਤੋਂ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ ਗੁਫ਼ਾ ਮੰਦਰ ਦੀ ਯਾਤਰਾ ਲਈ ਰਵਾਨਾ ਕੀਤਾ। ਛੜੀ ਮੁਬਾਰਕ ਦੀ ਸਾਂਭ-ਸੰਭਾਲ ਕਰ ਰਹੇ ਮਹੰਤ ਗਿਰੀ ਨੇ ਕਈ ਸਾਧੂਆਂ ਨਾਲ ਸਵੇਰੇ ਇੱਥੇ ਬੁੱਧਸ਼ਾਹ ਚੌਕ ਸਥਿਤ ਦਸ਼ਨਾਮੀ ਅਖਾੜਾ ਮੰਦਰ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਵਿੱਤਰ ਛੜੀ ਯਾਤਰਾ ਕੱਢੀ। ਉਨ੍ਹਾਂ ਕਿਹਾ, ‘‘ਪਵਿੱਤਰ ਛੜੀ ਯਾਤਰਾ ਅੱਜ ਰਾਤ ਪਹਿਲਗਾਮ ਪਹੁੰਚੇਗੀ ਅਤੇ ਉੱਥੇ ਦੋ ਰਾਤ ਰੁਕੇਗੀ। ਇਸ ਤੋਂ ਬਾਅਦ 6 ਅਗਸਤ ਨੂੰ ਚੰਦਨਵਾੜੀ, 7 ਅਗਸਤ ਨੂੰ ਸ਼ੇਸ਼ਨਾਗ ਅਤੇ 8 ਅਗਸਤ ਨੂੰ ਪੰਜਤਰਨੀ ਵਿੱਚ ਰਾਤ ਦਾ ਠਹਿਰਾਅ ਕੀਤਾ ਜਾਵੇਗਾ। ਇਸ ਮਗਰੋਂ ਇਹ 9 ਅਗਸਤ ਨੂੰ ਪਵਿੱਤਰ ਗੁਫਾ ਪਹੁੰਚੇਗੀ, ਜੋ ਕਿ ਸ਼ਾਸਤਰਾਂ ਅਨੁਸਾਰ ਯਾਤਰਾ ਸਮਾਪਤੀ ਹੋਵੇਗੀ।’’ ਸ੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਮਹੀਨਾ ਚੱਲਣ ਵਾਲੀ ਇਸ ਯਾਤਰਾ ਨੂੰ ਨਿਰਧਾਰਤ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਸ਼ਨਿਚਰਵਾਰ ਨੂੰ ਸਮਾਪਤ ਕਰ ਦਿੱਤਾ। ਇਸ ਸਾਲ 4.13 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅਮਰਨਾਥ ਯਾਤਰਾ ਕੀਤੀ ਹੈ।