ਬਰਲਿਨ, 20 ਮਈ
ਨਾਰਵੇ ਦੇ ਸ਼ਤਰੰਜ ਗਰੈਂਡਮਾਸਟਰ ਮੈਗਨਸ ਕਾਰਲਸਨ ਨੂੰ ਸੋਮਵਾਰ ਨੂੰ ਦੁਨੀਆ ਭਰ ਦੇ 1,43,000 ਲੋਕਾਂ ਨੇ ਡਰਾਅ ਲਈ ਮਜਬੂਰ ਕਰ ਦਿੱਤਾ, ਜੋ ਇਸ ਸਾਬਕਾ ਵਿਸ਼ਵ ਚੈਂਪੀਅਨ ਖਿਲਾਫ਼ ਇਕੱਠੇ ਮਿਲ ਕੇ ਖੇਡ ਰਹੇ ਸਨ। ‘ਮੈਗਨਸ ਕਾਰਲਸਨ ਬਨਾਮ ਵਿਸ਼ਵ’ ਨਾਮ ਹੇਠ ਇਹ ਆਨਲਾਈਨ ਮੁਕਾਬਲਾ 4 ਅਪਰੈਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਸ਼ਤਰੰਜ ਵੈੱਬਸਾਈਟ ‘ਚੈੱਸ.ਕਾਮ’ ’ਤੇ ਸ਼ੁਰੂ ਹੋਇਆ ਸੀ। ਇਹ ਪਹਿਲਾ ਆਨਲਾਈਨ ਫ੍ਰੀਸਟਾਈਲ ਮੁਕਾਬਲਾ ਸੀ, ਜਿਸ ਵਿੱਚ ਵਿਸ਼ਵ ਚੈਂਪੀਅਨ ਨੇ ਹਿੱਸਾ ਲਿਆ। ਇਹ ਮੁਕਾਬਲਾ ਉਦੋਂ ਬਰਾਬਰੀ ’ਤੇ ਖਤਮ ਹੋਇਆ ਜਦੋਂ ਵਿਸ਼ਵ ਟੀਮ ਨੇ ਤੀਜੀ ਵਾਰ ਕਾਰਲਸਨ ਦੇ ਰਾਜਾ ਨੂੰ ਰੋਕ ਦਿੱਤਾ। ਚੈੱਸ.ਕਾਮ ਨੇ ਇਸ ਮੁਕਾਬਲੇ ’ਚ ਕਾਰਲਸਨ ਦੀ ਵੱਡੇ ਫਰਕ ਨਾਲ ਜਿੱਤ ਦੀ ਪੇਸ਼ੀਨਗੋਈ ਕੀਤੀ ਸੀ। ਟੀਮ ਵਰਲਡ ਹਰ ਚਾਲ ’ਤੇ ਵੋਟ ਕਰ ਰਹੀ ਸੀ ਅਤੇ ਦੋਵਾ ਧਿਰਾਂ ਕੋਲ ਆਪੋ-ਆਪਣੀ ਚਾਲ ਚੱਲਣ ਲਈ 24 ਘੰਟਿਆਂ ਦੇ ਸਮਾਂ ਸੀ। ਕਾਰਲਸਨ ਸਫ਼ੇਦ ਮੋਹਰਿਆਂ ਨਾਲ ਖੇਡ ਰਿਹਾ ਸੀ। ਦੱਸਣਯੋਗ ਹੈ ਕਿ ਇਹ ਅਜਿਹਾ ਤੀਜਾ ਆਨਲਾਈਨ ਮੁਕਾਬਲਾ ਸੀ। ਪਹਿਲਾਂ 1999 ’ਚ ਰੂਸੀ ਗਰੈਂਡਮਾਸਟਰ ਗੈਰੀ ਕਾਸਪਰੋਵ ਨੇ ਮਾਈਕ੍ਰੋਸਾਫਟ ਨੈੱਟਵਰਕ ’ਤੇ 50,000 ਤੋਂ ਵੱਧ ਲੋਕਾਂ ਖ਼ਿਲਾਫ਼ ਬਾਜ਼ੀ ਖੇਡੀ ਸੀ ਅਤੇ ਚਾਰ ਮਹੀਨਿਆਂ ਬਾਅਦ ਜਿੱਤ ਹਾਸਲ ਕੀਤੀ ਸੀ। ਪਿਛਲੇ ਸਾਲ ਭਾਰਤੀ ਗਰੈਂਡਮਾਸਟਰ ਵਿਸ਼ਵਨਾਥਨ ਆਨੰਦ ਨੇ ‘ਚੈੱਸ.ਕਾਮ’ ’ਤੇ ਲਗਪਗ 70,000 ਖਿਡਾਰੀਆਂ ਵਿਰੁੱਧ ਆਪਣਾ (ਆਨੰਦ ਬਨਾਮ ਵਿਸ਼ਵ) ਮੁਕਾਬਲਾ ਜਿੱਤਿਆ ਸੀ। -ਏਪੀ