ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਕੁਝ ਕਮੇਟੀਆਂ ਦਾ ਅੱਜ ਪੁਨਰਗਠਨ ਕੀਤਾ ਗਿਆ ਹੈ। ਕਮੇਟੀਆਂ ’ਚ ਪੰਜਾਬ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦੀ ਖੇਤੀਬਾੜੀ ਅਤੇ ਸ਼ਸ਼ੀ ਥਰੂਰ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਬਣੇ ਰਹਿਣਗੇ। ਭਾਜਪਾ ਆਗੂ ਤੇਜਸਵੀ ਸੂਰਿਆ ਨੂੰ ਜਨ ਵਿਸ਼ਵਾਸ ਬਿੱਲ ਦੇ ਨਿਰੀਖਣ ਜਦਕਿ ਭਾਜਪਾ ਆਗੂ ਬੈਜਿਅੰਤ ਨੂੰ ਦੀਵਾਲੀਆ ਤੇ ਦੀਵਾਲੀਆਪਨ ਕੋਡ ਬਿੱਲ ਦੀ ਘੋਖ ਲਈ ਬਣੀ ਸਿਲੈਕਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਭਾਜਪਾ ਆਗੂ ਨਿਸ਼ੀਕਾਂਤ ਦੂਬੇ ਅਤੇ ਭਰਤਰੂਹਰੀ ਮਤਾਬ ਕ੍ਰਮਵਾਰ ਸੰਚਾਰ ਤੇ ਸੂਚਨਾ ਤਕਨੀਕੀ ਅਤੇ ਵਿੱਤ ਸਬੰਧੀ ਸਥਾਈ ਸੰਸਦੀ ਕਮੇਟੀਆਂ ਦੇ ਚੇਅਰਮੈਨ ਬਣੇ ਰਹਿਣਗੇ, ਜਦਕਿ ਡੀ ਐੱਮ ਕੇ ਆਗੂ ਕੰਨੀਮੋੜੀ ਖਖਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਕਮੇਟੀ ਦੇ ਮੁਖੀ ਹੋਵੇਗੀ। ਗ੍ਰਹਿ ਮੰਤਰਾਲੇ ਦੇ ਤਿੰਨ ਬਿੱਲਾਂ, ਜਿਨ੍ਹਾਂ ਵਿੱਚ ਸੰਵਿਧਾਨ (130ਵੀਂ ਸੋਧ) ਬਿੱਲ ਵੀ ਸ਼ਾਮਲ ਹੈ, ਦੀ ਘੋਖ ਲਈ ਸੰਸਦੀ ਕਮੇਟੀ ਕਾਇਮ ਨਹੀਂ ਕੀਤੀ ਗਈ।