ਢਿੱਗਾਂ ਡਿੱਗਣ ਕਰਕੇ ਪੰਡੋਹ ਨੇੜੇ ਮੰਡੀ ਤੇ ਕੁੱਲੂ ਦਰਮਿਆਨ ਚੰਡੀਗੜ੍ਹ ਮਨਾਲੀ ਹਾਈਵੇਅ ਬੰਦ
ਮੰਡੀ ਜ਼ਿਲ੍ਹੇ ਦੇ ਪੰਡੋਹ ਖੇਤਰ ਵਿੱਚ ਕੈਂਚੀ ਮੋਡ ਨੇੜੇ ਮੰਡੀ-ਕੁੱਲੂ ਦਰਮਿਆਨ ਕੀਰਤਪੁਰ-ਮਨਾਲੀ ਕੌਮੀ ਸ਼ਾਹਰਾਹ ’ਤੇ ਅੱਜ ਜ਼ਮੀਨ ਦਾ ਇਕ ਵੱਡਾ ਹਿੱਸਾ ਖਿਸਕਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅੱਜ ਸਵੇਰੇ ਵਾਪਰੀ ਇਸ ਘਟਨਾ ਨੇ ਸੜਕ ਦੀ ਸਤਹਿ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਸ਼ਾਹਰਾਹ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੋ ਗਿਆ।
ਮੰਡੀ ਪੁਲੀਸ ਮੁਤਾਬਕ ਮੁਰੰਮਤ ਦਾ ਕੰਮ ਜਾਰੀ ਹੈ, ਪਰ ਨੁਕਸਾਨ ਜ਼ਿਆਦਾ ਹੋਣ ਕਰਕੇ ਮੁਰੰਮਤ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਖਾਸ ਕਰਕੇ ਭਾਰੀ ਵਾਹਨਾਂ ਦੀ ਆਵਾਜਾਈ ਰੁਕ ਗਈ ਹੈ। ਜਾਮ ਤੋਂ ਬਚਣ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਭਾਰੀ ਵਾਹਨਾਂ ਨੂੰ ਨਾਗਚਲਾ ਅਤੇ ਝਿੜੀ ਵਿਖੇ ਨਿਰਧਾਰਤ ਖੁੱਲ੍ਹੇ ਖੇਤਰਾਂ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਹਲਕੇ ਮੋਟਰ ਵਾਹਨ (LMV) ਯਾਤਰੀਆਂ ਲਈ ਰਾਹਤ ਦੀ ਗੱਲ ਹੈ, ਕਿਉਂਕਿ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਮੰਡ-ਕਟੌਲਾ ਰਾਹੀਂ ਇੱਕ ਬਦਲਵਾਂ ਰਸਤਾ ਖੁੱਲ੍ਹਾ ਹੈ।
ਅਧਿਕਾਰੀਆਂ ਨੇ ਇਕ ਐਡਵਾਈਜ਼ਰੀ ਵਿੱਚ ਯਾਤਰੀਆਂ ਨੂੰ ਸਿਰਫ਼ ਬਹੁਤ ਜ਼ਰੂਰੀ ਹੋਣ ’ਤੇ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੂੰ ਪੁਲੀਸ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤੇ ਅਧਿਕਾਰਤ ਚੈਨਲਾਂ ਰਾਹੀਂ ਅਪਡੇਟ ਰਹਿਣ ਲਈ ਕਿਹਾ ਗਿਆ ਹੈ।
ਮੰਡੀ-ਕੁੱਲੂ ਕੌਮੀ ਸ਼ਾਹਰਾਹ ਕੁੱਲੂ-ਮਨਾਲੀ-ਲਾਹੌਲ ਅਤੇ ਸਪਿਤੀ-ਲੇਹ-ਲੱਦਾਖ ਨੂੰ ਜੋੜਨ ਵਾਲੀ ਮਹੱਤਵਪੂਰਨ ਸੜਕ ਹੈ, ਅਤੇ ਇਸ ਤਰ੍ਹਾਂ ਦੇ ਵਿਘਨ ਆਮ ਤੌਰ 'ਤੇ ਕੁੱਲੂ-ਮਨਾਲੀ-ਲਾਹੌਲ ਅਤੇ ਸਪਿਤੀ ਅਤੇ ਯੂਟੀ ਲੱਦਾਖ ਦੇ ਸੈਰ-ਸਪਾਟਾ ਉਦਯੋਗ ਸਣੇ ਖੇਤਰੀ ਗਤੀਸ਼ੀਲਤਾ ਅਤੇ ਲੌਜਿਸਟਿਕਸ ’ਤੇ ਵਿਆਪਕ ਅਸਰ ਪਾਉਂਦੇ ਹਨ