ਸਮੇਂ ਸਿਰ ਖਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੇਂਦਰ ਯਤਨਸ਼ੀਲ: ਚੌਹਾਨ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਖਾਦਾਂ ਸਮੇਂ ਸਿਰ ਮਿਲਣਾ ਯਕੀਨੀ ਬਣਾਉਣ ਅਤੇ ਪ੍ਰਤੀ ਹੈਕਟੇਅਰ ਖੇਤੀ ਪੈਦਾਵਾਰ ਵਧਾਉਣ ਲਈ ਯਤਨ ਕਰ ਰਹੀ ਹੈ। ਉਹ ਇੱਥੇ ‘ਪੀਐੱਮ ਕਿਸਾਨ ਸਨਮਾਨ ਨਿਧੀ’ ਦੀ 20ਵੀਂ ਕਿਸ਼ਤ ਜਾਰੀ ਕਰਨ ਲਈ ਕਰਵਾਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,‘ਮੁਲਕ ਦੇ ਕਿਸਾਨਾਂ ਦੇ ਹਿੱਤ ਸਾਡੇ ਲਈ ਅਹਿਮ ਹਨ। ਖੇਤੀਬਾੜੀ ਮੰਤਰੀ ਵਜੋਂ ਕਿਸਾਨਾਂ ਦੀ ਸੇਵਾ ਕਰਨਾ ਮੇਰੇ ਲਈ ਰੱਬ ਦੀ ਪੂਜਾ ਕਰਨ ਦੇ ਬਰਾਬਰ ਹੈ। ਖੇਤੀਬਾੜੀ ਭਾਰਤ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਤੇ ਕਿਸਾਨ ਇਸ ਦੀ ਆਤਮਾ।’ ਉਨ੍ਹਾਂ ‘ਪ੍ਰਧਾਨ ਮੰਤਰੀ ਧਨ-ਧਾਨਿਆ ਯੋਜਨਾ ਰਾਹੀਂ ਪ੍ਰਤੀ ਹੈਕਟੇਅਰ ਖੇਤੀ ਪੈਦਾਵਾਰ ਤੇ ਖ਼ਾਸ ਤੌਰ ’ਤੇ ਘੱਟ ਉਪਜ ਵਾਲੇ ਖੇਤਰਾਂ ’ਚ ਉਤਪਾਦਨ ਵਧਾਉਣ ’ਤੇ ਜ਼ੋਰ ਦਿੱਤਾ। ਸ੍ਰੀ ਚੌਹਾਨ ਨੇ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਤੇ ਕੀੜੇਮਾਰ ਦਵਾਈਆਂ ਮਿਲਣਾ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ ਤੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਬਣੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ, ‘ਪ੍ਰਧਾਨ ਮੰਤਰੀ ਕਿਸਾਨ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ’ਚ ਹੁਣ ਤੱਕ 3.77 ਲੱਖ ਕਰੋੜ ਰੁਪਏ ਸਿੱਧੇ ਭੇਜੇ ਜਾ ਚੁੱਕੇ ਹਨ। ਉਨ੍ਹਾਂ ਬਿਹਾਰ ਵੱਲੋਂ ਮਖਾਨਿਆਂ ਦੀ ਪੈਦਾਵਾਰ ’ਚ ਪਾਏ ਯੋਗਦਾਨ ਤੇ ਖੇਤੀਬਾੜੀ ਵਿਗਿਆਨ ਤੇ ਖੇਤੀ ਦੇ ਢੰਗ-ਤਰੀਕਿਆਂ ਵਿਚਲਾ ਪਾੜਾ ਦੂਰ ਕਰਨ ਦੇ ਯਤਨਾਂ ਦਾ ਜ਼ਿਕਰ ਕੀਤਾ।’ ਉਨ੍ਹਾਂ ਕਿਹਾ ਕਿ ਹੁਣ ਫ਼ਸਲਾਂ ਦੀ ਖ਼ਰੀਦ ਐੱਮਐੱਸਪੀ ’ਤੇ ਕੀਤੀ ਜਾ ਰਹੀ ਹੈ ਜੋ ਸਰਕਾਰ ਦੀ ਕਿਸਾਨ ਪੱਖੀ ਸੋਚ ਨੂੰ ਦਰਸਾਉਂਦਾ ਹੈ। ਇਸ ਮੌਕੇ ਬਿਹਾਰ ਦੀ ਸ਼ਲਾਘਾ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਉਹੀ ਧਰਤ ਹੈ ਜੋ ਮਹਾਤਮਾ ਗਾਂਧੀ ਦੇ ਚੰਪਾਰਨ ਸੱਤਿਆਗ੍ਰਹਿ ਦੀ ਗਵਾਹ ਰਹੀ ਹੈ, ਜਿਸਨੇ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ।-ਪੀਟੀਆਈ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੀ ਕਿ ਕਿਸਾਨਾਂ ਤੱਕ ਵਿੱਤੀ ਸਹਾਇਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰੇ ’ਤੇ (ਡੀਬੀਟੀ) ਪੁੱਜੇ।