ਕੇਂਦਰ ਨੂੰ ਲੱਦਾਖ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ: ਫ਼ਾਰੂਕ ਅਬਦੁੱਲਾ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਨੂੰ ਲੱਦਾਖ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਬਦੁੱਲਾ ਦਾ ਇਹ ਬਿਆਨ ਲੇਹ ਵਿੱਚ ਰਾਜ ਦੀ ਮੰਗ ਨੂੰ ਲੈ ਕੇ...
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਨੂੰ ਲੱਦਾਖ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਬਦੁੱਲਾ ਦਾ ਇਹ ਬਿਆਨ ਲੇਹ ਵਿੱਚ ਰਾਜ ਦੀ ਮੰਗ ਨੂੰ ਲੈ ਕੇ ਹੋਈਆਂ ਹਿੰਸਕ ਝੜਪਾਂ ਤੋਂ ਇਕ ਦਿਨ ਬਾਅਦ ਆਇਆ ਹੈ।
ਅਬਦੁੱਲਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ (ਲੱਦਾਖ) ਇੱਕ ਸਰਹੱਦੀ ਸੂਬਾ ਹੈ। ਚੀਨ ਲੁਕਿਆ ਹੋਇਆ ਹੈ, ਉਨ੍ਹਾਂ ਨੇ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਇਸ ਨੂੰ ਜਲਦੀ ਹੱਲ ਕਰਨ ਦਾ ਸਮਾਂ ਆ ਗਿਆ ਹੈ। ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਹੱਲ ਕਰਨਾ ਚਾਹੀਦਾ ਹੈ।’’
ਕੇਂਦਰ ਸਰਕਾਰ ਵੱਲੋਂ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਣ ਬਾਰੇ ਪੁੱਛੇ ਜਾਣ ’ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਂਤੀ ਕਾਰਕੁਨ ਇਸ ਲਈ ਜ਼ਿੰਮੇਵਾਰ ਨਹੀਂ ਸੀ।
ਇਹ ਵੀ ਪੜ੍ਹੋ: ਹਿੰਸਕ ਝੜਪਾਂ ਮਗਰੋੋਂ ਲੱਦਾਖ ’ਚ ਕਰਫਿਊ ਆਇਦ, ਭਾਰੀ ਸੁੁਰੱਖਿਆ ਬਲ ਤਾਇਨਾਤ
ਇਹ ਵੀ ਪੜ੍ਹੋ: ਸੀਬੀਆਈ ਵੱਲੋਂ ਸੋਨਮ ਵਾਂਗਚੁੱਕ ਦੀ ਸੰਸਥਾ ਵੱਲੋਂ FCRA ਉਲੰਘਣਾ ਦੀ ਜਾਂਚ ਜਾਰੀ: ਅਧਿਕਾਰੀ
ਅਬਦੁੱਲਾ ਨੇ ਕਿਹਾ, ‘‘"ਉਸ (ਵਾਂਗਚੁਕ) ਨੇ ਕਦੇ ਵੀ ਗਾਂਧੀਵਾਦੀ ਰਾਹ ਨਹੀਂ ਛੱਡਿਆ। ਅੱਜ ਨੌਜਵਾਨਾਂ ਨੇ ਉਸ ਨੂੰ ਪਾਸੇ ਕਰ ਦਿੱਤਾ ਹੈ। ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ। ਜਦੋਂ ਉਹ (ਭਾਜਪਾ) ਚੋਣਾਂ ਹਾਰ ਗਏ, ਤਾਂ ਉਨ੍ਹਾਂ ਨੇ ਸੁਰੱਖਿਆ ਕਾਨੂੰਨ ਲਾਗੂ ਕੀਤਾ ਅਤੇ ਲੋਕਾਂ ਨੂੰ ਜੇਲ੍ਹਾਂ ਵਿੱਚ ਪਾ ਦਿੱਤਾ। ਹੁਣ ਉਹ ਸੀਬੀਆਈ ਦੀ ਵਰਤੋਂ ਕਰ ਰਹੇ ਹਨ। ਉਹ ਦਬਾਉਣ ਲਈ ਜਿੰਨਾ ਜ਼ਿਆਦਾ ਤਾਕਤ ਦੀ ਵਰਤੋਂ ਕਰਨਗੇ, ਓਨਾ ਹੀ ਵੱਡਾ ਖ਼ਤਰਾ ਹੋਵੇਗਾ। ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਤਾਕਤ ਦੀ ਵਰਤੋਂ ਨਾ ਕਰੇ ਅਤੇ ਇਸ ਦੀ ਬਜਾਏ ਗੱਲਬਾਤ ਕਰੇ।’’
ਲੇਹ ਐਪੈਕਸ ਬਾਡੀ (ਐਲਏਬੀ) ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਬੁੱਧਵਾਰ ਨੂੰ ਦਿਨ ਭਰ ਚੱਲੀਆਂ ਝੜਪਾਂ ਵਿੱਚ ਚਾਰ ਲੋਕ ਮਾਰੇ ਗਏ ਅਤੇ ਘੱਟੋ-ਘੱਟ 80 ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ। ਐੈੱਲਏਬੀ ਅੰਦੋਲਨ ਦਾ ਸਮਰਥਨ ਕਰ ਰਹੀ ਹੈ।