ਕੇਂਦਰ ਨੇ 2025-26 ਲਈ 11.9 ਕਰੋੜ ਟਨ ਕਣਕ ਉਤਪਾਦਨ ਦਾ ਟੀਚਾ ਮਿੱਥਿਆ
ਸਰਕਾਰ ਨੇ ਫਸਲੀ ਵਰ੍ਹੇ 2025-26 ਲਈ 11.9 ਕਰੋੜ ਟਨ ਰਿਕਾਰਡ ਕਣਕ ਉਤਪਾਦਨ ਦਾ ਟੀਚਾ ਮਿਥਿਆ ਹੈ, ਜੋ ਪਿਛਲੇ ਦੇ ਮੁਕਾਬਲੇ 3.47 ਫ਼ੀਸਦ ਵੱਧ ਹੈ। ਖੇਤੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਫਸਲੀ ਵਰ੍ਹੇ 2024-25 (ਜੁਲਾਈ ਤੋਂ ਜੂਨ) ਲਈ ਸਰਕਾਰ ਨੇ 11.5 ਕਰੋੜ ਟਨ ਕਣਕ ਉਤਪਾਦਨ ਦਾ ਟੀਚਾ ਮਿਥਿਆ ਸੀ। ਕਣਕ ਹਾੜੀ (ਸਰਦੀਆਂ) ਸੀਜ਼ਨ ਦੀ ਮੁੱਖ ਫਸਲ ਹੈ ਜਿਸ ਦੀ ਕਾਸ਼ਤ ਅਕਤੂਬਰ ਦੇ ਅੰਤ ਤੋਂ ਲੈ ਕੇ ਨਵੰਬਰ ਤੱਕ ਹੁੰਦੀ ਹੈ। ਹਾੜੀ ਦੀਆਂ ਫਸਲਾਂ ’ਚ ਜਵਾਰ, ਜੌਂਅ, ਛੋਲੇ ਅਤੇ ਮਸਰ ਸ਼ਾਮਲ ਹਨ। ਹਾੜੀ ਸੀਜ਼ਨ 2025-26 ਲਈ ਕੁੱਲ 17 ਕਰੋੜ 11.4 ਕਰੋੜ ਲੱਖ ਟਨ ਖੁਰਾਕ ਅਨਾਜ ਉਤਪਾਦਨ ਦਾ ਟੀਚਾ ਮਿਥਿਆ ਗਿਆ ਹੈ। ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੋ ਦਿਨਾ ਕੌਮੀ ਹਾੜੀ ਸੰਮੇਲਨ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਾੜੀ ਸੀਜ਼ਨ ਲਈ ਬੀਜਾਂ ਤੇ ਖਾਦਾਂ ਦੀ ਢੁੱਕਵੀਂ ਸਪਲਾਈ ਹੈ। ਉਨ੍ਹਾਂ ਕਿਹਾ ਕਿ ਅਗਾਮੀ ਹਾੜੀ ਸੀਜ਼ਨ ਲਈ ਵਿਗਿਆਨੀਆਂ ਦੀਆਂ 2,000 ਤੋਂ ਵੱਧ ਟੀਮਾਂ ‘ਵਿਕਸਿਤ ਖੇਤੀ ਸੰਕਲਪ’ ਮੁਹਿੰਮ ਲਈ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਗੀਆਂ।