ਕੇਂਦਰ ਨੇ ਲਾਂਚ ਕੀਤੀ ਸਾਂਝੀ ਹੜ੍ਹ ਭਵਿੱਖਬਾਣੀ ਪ੍ਰਣਾਲੀ
ਨਵੀਂ ਦਿੱਲੀ, 2 ਜੁਲਾਈ
ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਅੱਜ ਸੀ-ਫਲੱਡ ਨਾਮ ਦੀ ਇੱਕ ਵੈੱਬ-ਆਧਾਰਿਤ ਹੜ੍ਹ ਭਵਿੱਖਬਾਣੀ ਪ੍ਰਣਾਲੀ ਲਾਂਚ ਕੀਤੀ ਹੈ। ਇਹ ਪ੍ਰਣਾਲੀ ਪਿੰਡ ਪੱਧਰ ’ਤੇ ਦੋ ਦਿਨ ਪਹਿਲਾਂ ਤੱਕ ਹੜ੍ਹਾਂ ਦੀ ਚਿਤਾਵਨੀ ਦੇਣ ਲਈ ਤਿਆਰ ਕੀਤੀ ਗਈ ਹੈ। ਇਸੇ ਦੌਰਾਨ ਪਾਟਿਲ ਨੇ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਜਲ ਖੇਤਰ ਵਿੱਚ ਮਸਨੂਈ ਬੌਧਿਕਤਾ (ਏਆਈ) ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਵਰਗੀਆਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਬਾਰੇ ਵੀ ਚਰਚਾ ਕੀਤੀ।
ਸੀ-ਫਲੱਡ ਪ੍ਰਣਾਲੀ ਨੂੰ ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ), ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਅਤੇ ਕੌਮੀ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਵੱਲੋਂ ਵਿਕਸਤ ਕੀਤਾ ਗਿਆ ਹੈ। ਇਸ ਨੂੰ ਕੌਮੀ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਤਹਿਤ ਚਾਲੂ ਕੀਤਾ ਗਿਆ ਹੈ, ਜਿਸ ਨੂੰ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਵੱਲੋਂ ਸਾਂਝੇ ਤੌਰ ’ਤੇ ਚਲਾਇਆ ਜਾਂਦਾ ਹੈ।
ਪਾਟਿਲ ਨੇ ਕਿਹਾ, ‘‘ਇਹ ਭਾਰਤ ਦੀ ਹੜ੍ਹ ਪ੍ਰਬੰਧਨ ਯਾਤਰਾ ਵਿੱਚ ਇੱਕ ਬਦਲਾਅ ਲਿਆਉਣ ਵਾਲਾ ਕਦਮ ਹੈ।’’ ਮੰਤਰੀ ਨੇ ਸੀਡਬਲਿਊਸੀ ਅਤੇ ਸਹਿਯੋਗੀ ਸੰਸਥਾਵਾਂ ਨੂੰ ਹੜ੍ਹਾਂ ਦੇ ਅਧਿਐਨ ਲਈ ਇੱਕ ਕੌਮੀ ਯੋਜਨਾ ਤਿਆਰ ਕਰਨ ਅਤੇ ਸਾਰੇ ਪ੍ਰਮੁੱਖ ਦਰਿਆਵਾਂ ਤੱਕ ਕਵਰੇਜ ਦਾ ਵਿਸਤਾਰ ਕਰਨ ਦਾ ਨਿਰਦੇਸ਼ ਵੀ ਦਿੱਤਾ। ਮੌਜੂਦਾ ਸਮੇਂ ਵਿੱਚ, ਇਹ ਪ੍ਰਣਾਲੀ ਗੋਦਾਵਰੀ ਅਤੇ ਤਾਪੀ ਦਰਿਆਵਾਂ ਲਈ 2-ਡੀ ਹਾਈਡਰੋਡਾਇਨਾਮਿਕ ਮਾਡਲ ਦੀ ਵਰਤੋਂ ਕਰਦੇ ਹੋਏ ਰੀਅਲ-ਟਾਈਮ ਹੜ੍ਹ ਨਕਸ਼ੇ ਅਤੇ ਪਾਣੀ ਦੇ ਪੱਧਰ ਦੀ ਭਵਿੱਖਬਾਣੀ ਪ੍ਰਦਾਨ ਕਰਦੀ ਹੈ।
ਪਾਟਿਲ ਨੇ ਭਵਿੱਖਬਾਣੀਆਂ ਨੂੰ ਕੌਮੀ ਆਫ਼ਤ ਪ੍ਰਬੰਧਨ ਐਮਰਜੈਂਸੀ ਰਿਸਪੌਂਸ ਪੋਰਟਲ ਨਾਲ ਜੋੜਨ ਅਤੇ ਸੈਟੇਲਾਈਟ ਪ੍ਰਮਾਣਿਕਤਾ ਅਤੇ ਜ਼ਮੀਨੀ ਤਸਦੀਕ ਰਾਹੀਂ ਸ਼ੁੱਧਤਾ ਵਿੱਚ ਸੁਧਾਰ ਕਰਨ ’ਤੇ ਜ਼ੋਰ ਦਿੱਤਾ। ਉੱਧਰ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਚਰਚਾ ਦੌਰਾਨ ਉਨ੍ਹਾਂ ਇਸ ਗੱਲ ’ਤੇ ਵਿਚਾਰ ਕੀਤਾ ਕਿ ਉੱਭਰਦੀਆਂ ਤਕਨਾਲੋਜੀਆਂ ਨੂੰ ਜਲ ਪ੍ਰਬੰਧਨ ਵਿੱਚ ਕਿਵੇਂ ਜੋੜਿਆ ਜਾ ਸਕਦਾ ਹੈ ਤਾਂ ਜੋ ਪ੍ਰਬੰਧਨ ਪ੍ਰਣਾਲੀਆਂ ਨੂੰ ਹੋਰ ਸਟੀਕ, ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। -ਪੀਟੀਆਈ
ਦੇਸ਼ ਵਿੱਚ 11 ਦਰਿਆ ਨਿਗਰਾਨ ਕੇਂਦਰਾਂ ’ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ
ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਨੇ ਅੱਜ ਕਿਹਾ ਕਿ ਦੇਸ਼ ਵਿੱਚ 11 ਦਰਿਆ ਨਿਗਰਾਨੀ ਕੇਂਦਰਾਂ ’ਤੇ ਪਾਣੀ ਦਾ ਪੱਧਰ ਹੜ੍ਹ ਚਿਤਾਵਨੀ ਪੱਧਰ ਨੂੰ ਪਾਰ ਕਰ ਗਿਆ ਹੈ। ਹਾਲਾਂਕਿ, ਸੀਡਬਲਿਊਸੀ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਕਿਸੇ ਵੀ ਕੇਂਦਰ ’ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਜਾਂ ਹੜ੍ਹਾਂ ਦੀ ਹੱਦ ਤੱਕ ਨਹੀਂ ਪਹੁੰਚਿਆ ਹੈ। ਕਮਿਸ਼ਨ ਨੇ ਕੇਂਦਰੀ ਹੜ੍ਹ ਕੰਟਰੋਲ ਰੂਮ ਵੱਲੋਂ ਜਾਰੀ ਆਪਣੇ ਰੋਜ਼ਾਨਾ ਦੇ ਬੁਲੇਟਿਨ ਤਹਿਤ ਇਹ ਜਾਣਕਾਰੀ ਸਾਂਝੀ ਕੀਤੀ ਹੈ। ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਅਜੇ ਕੋਈ ਵੀ ਦਰਿਆ ਨਿਗਰਾਨੀ ਕੇਂਦਰ ‘ਗੰਭੀਰ’ ਜਾਂ ਹੜ੍ਹਾਂ ਦੀ ਸਥਿਤੀ ਵਾਲੀ ਸ਼੍ਰੇਣੀ ਵਿੱਚ ਨਹੀਂ ਹੈ, ਮਤਲਬ ਕਿਸੇ ਵੀ ਸਥਾਨ ’ਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਜਾਂ ਇਤਿਹਾਸਕ ਤੌਰ ’ਤੇ ਹੜ੍ਹ ਦੇ ਸਭ ਤੋਂ ਉੱਪਰਲੇ ਪੱਧਰ ਤੱਕ ਨਹੀਂ ਪਹੁੰਚਿਆ ਹੈ। -ਪੀਟੀਆਈ