ਵਾਂਗਚੁਕ ਦੀ ਹਿਰਾਸਤ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਕੇਂਦਰ ਤੇ ਲੱਦਾਖ ਯੂਟੀ ਦੀ ਜਵਾਬਤਲਬੀ
ਮਾਮਲੇ ਵਿਚ ਅਗਲੀ ਸੁਣਵਾਈ 24 ਨਵੰਬਰ ਲਈ ਨਿਰਧਾਰਿਤ
ਸੁਪਰੀਮ ਕੋਰਟ ਨੇ ਐਂਗਮਾ ਵਾਂਗਚੁਕ ਵੱਲੋਂ ਆਪਣੇ ਪਤੀ ਸੋਨਮ ਵਾਂਗਚੁਕ ਦੀ ਕੌਮੀ ਸੁਰੱਖਿਆ ਐਕਟ (NSA) ਤਹਿਤ ਜੋਧਪੁਰ ਜੇਲ੍ਹ ਵਿਚ ਹਿਰਾਸਤ ਨੂੰ ਚੁਣੌਤੀ ਦਿੰਦੀ ਸੋਧੀ ਹੋਈ ਪਟੀਸ਼ਨ ’ਤੇੇ ਕੇਂਦਰ ਸਰਕਾਰ ਤੇ ਲੱਦਾਖ ਯੂਟੀ ਤੋਂ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ 24 ਨਵੰਬਰ ਲਈ ਨਿਰਧਾਰਿਤ ਕੀਤੀ ਹੈ।
ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੇ ਬੈਂਚ ਨੇ ਕੇਂਦਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੀ ਨੁਮਾਇੰਦਗੀ ਕਰ ਰਹੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ 10 ਦਿਨਾਂ ਦੇ ਅੰਦਰ ਸੋਧੀ ਹੋਈ ਪਟੀਸ਼ਨ ਦਾ ਜਵਾਬ ਦੇਣ ਲਈ ਕਿਹਾ।
ਸੋਧੀ ਹੋਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਸਿਆਸੀ ਬਦਲਾ ਲੈਣ ਦਾ ਮਾਮਲਾ ਹੈ। ਪਟੀਸ਼ਨ ਵਿੱਚ, ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ. ਅੰਗਮੋ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸਦੇ ਪਤੀ ਦੀ ਨਜ਼ਰਬੰਦੀ ਜਨਤਕ ਵਿਵਸਥਾ ਜਾਂ ਸੁਰੱਖਿਆ ’ਤੇ ਅਧਾਰਤ ਨਹੀਂ ਹੈ, ਸਗੋਂਇਹ ਇੱਕ ਸਤਿਕਾਰਤ ਨਾਗਰਿਕ ਨੂੰ ਚੁੱਪ ਕਰਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ।”
ਜ਼ਿਕਰਯੋਗ ਹੈ ਕਿ ਲੱਦਾਖ ਦੇ ਰਾਜ ਦਾ ਦਰਜਾ ਅਤੇ ਛੇਵੀਂ ਅਨੁਸੂਚੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਹਿੰਸਕ ਹੋਣ ਤੋਂ ਦੋ ਦਿਨ ਬਾਅਦ ਵਾਂਗਚੁੱਕ ਨੂੰ 26 ਸਤੰਬਰ ਨੂੰ NSA ਦੀ ਧਾਰਾ 3(2) ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਚਾਰ ਵਿਅਕਤੀ ਮਾਰੇ ਗਏ ਅਤੇ ਲਗਭਗ 100 ਜ਼ਖਮੀ ਹੋ ਗਏ।

