ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਨੂੰ ਨਜ਼ਰਅੰਦਾਜ਼ ਕਰ ਰਿਹੈ ਕੇਂਦਰ: ਪ੍ਰਿਯੰਕਾ
ਹਡ਼੍ਹ ਪ੍ਰਭਾਵਿਤ ਹਿਮਾਚਲ ਦੀ ਢੁੱਕਵੀਂ ਮਦਦ ਨਾ ਕਰਨ ਦਾ ਲਾਇਆ ਦੋਸ਼; ਸੋਨੀਆ ਵੱਲੋਂ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੁੱਤ ਦਾ ਉਦਘਾਟਨ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ’ਤੇ ਆਫ਼ਤ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੀ ਢੁੱਕਵੀਂ ਮਦਦ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਸਰਕਾਰ, ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਹ ਅੱਜ ਇੱਥੇ ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੇ ਬੁੱਤ ਦੇ ਉਦਘਾਟਨ ਮਗਰੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਸ਼ਿਮਲਾ ’ਚ ਇਤਿਹਾਸਕ ਰਿਜ ਮੈਦਾਨ ਦੇ ਦੌਲਤ ਪਾਰਕ ਵਿੱਚ ਵੀਰਭੱਦਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ। ਸੋਨੀਆ ਗਾਂਧੀ ਨੇ ਆਪਣੀ ਧੀ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮਰਹੂਮ ਆਗੂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
ਵੀਰਭੱਦਰ ਸਿੰਘ ਦਾ ਛੇ ਫੁੱਟ ਉੱਚਾ ਕਾਂਸੇ ਦਾ ਬੁੱਤ ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਡਾ. ਵਾਈ ਐੱਸ ਪਰਮਾਰ, ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਆਗੂਆਂ ਦੇ ਬੁੱਤਾਂ ਨੇੜੇ ਸਥਾਪਤ ਕੀਤਾ ਗਿਆ ਹੈ। ਬੁੱਤ ਦੇ ਉਦਘਾਟਨ ਮਗਰੋਂ ਵਿਕਰਮਾਦਿੱਤਿਆ ਸਿੰਘ ਵੱਲੋਂ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਹਿਮਾਚਲ ’ਚ ਭਾਰੀ ਮੀਂਹ ਪਿਆ ਪਰ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਾਂਗਰਸ ਦੇ ਸ਼ਾਸਨ ਵਾਲੇ ਸੂਬੇ ਦੀ ਕੋਈ ਮਦਦ ਨਹੀਂ ਕੀਤੀ।’’ ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਸਿਰਫ਼ ਚੋਣਾਂ ਜਿੱਤਣ ’ਚ ਦਿਲਚਸਪੀ ਰੱਖਦੀ ਹੈ ਤੇ ਉਸ ਨੇ ਕਾਂਗਰਸ ਦੇ ਰਾਜ ਵਾਲੇ ਹਿਮਾਚਲ ਪ੍ਰਦੇਸ਼ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੇ ਵੀਰਭੱਦਰ ਸਿੰਘ ਵਰਗੇ ਆਗੂਆਂ ਦੀ ਲੋੜ ਹੈ ਜੋ ਹਮੇਸ਼ਾ, ਇਮਾਨਦਾਰੀ ਤੇ ਸੱਚਾਈ ਦਾ ਰਾਹ ’ਤੇ ਚੱਲਦਿਆਂ ਲੋਕਾਂ ਦੇ ਵਿਕਾਸ ਨੂੰ ਸਮਰਪਿਤ ਰਹੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਭੱਦਰ ਸਿੰਘ ਨੂੰ ‘ਸੜਕਾਂ, ਬਿਜਲੀ ਤੇ ਵਿਕਾਸ’ ਦਾ ਆਗੂ ਕਰਾਰ ਦਿੱਤਾ। ਉਪ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਵੀਰਭੱਦਰ ਸਿੰਘ ਦਾ ਸੂਬੇ ਦੇ ਲੋਕਾਂ ਨਾਲ ਜਜ਼ਬਾਤੀ ਰਿਸ਼ਤਾ ਸੀ।
ਦੱਸਣਯੋਗ ਹੈ ਕਿ ਵੀਰਭੱਦਰ ਸਿੰਘ ਰਾਮਪੁਰ-ਬੁਸ਼ੈਹਰ ਰਾਜਘਰਾਣੇ ਦੇ ਵੰਸ਼ਜ ਸਨ। ਉਹ ਪਹਿਲੀ ਵਾਰ 8 ਅਪਰੈਲ 1983 ਨੂੰ ਮੁੱਖ ਮੰਤਰੀ ਬਣੇ ਸਨ ਜਿਸ ਮਗਰੋਂ ਉਹ ਚਾਰ ਦਹਾਕਿਆਂ ਤੱਕ ਜਨਤਕ ਜੀਵਨ ’ਚ ਸਰਗਰਮ ਰਹੇ। ਲੰਬੇ ਸਮੇਂ ਤੋਂ ਬਿਮਾਰ ਵੀਰਭੱਦਰ ਸਿੰਘ ਦਾ ਸਾਲ 2021 ਵਿੱਚ ਦੇਹਾਂਤ ਹੋ ਗਿਆ ਸੀ। ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਕਾਂਗਰਸ ਦੀ ਸੂੁਬਾ ਇਕਾਈ ਦੀ ਮੁਖੀ ਤੇ ਉਨ੍ਹਾਂ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਹਿਮਾਚਲ ਪ੍ਰਦੇਸ਼ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਹਨ।