ਰਾਜਾਂ ਦੀ ਆਜ਼ਾਦੀ ਖਤਮ ਕਰ ਰਿਹਾ ਹੈ ਕੇਂਦਰ: ਕਾਂਗਰਸ
ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਰਾਜਾਂ ਦੀ ਆਜ਼ਾਦੀ ਘੱਟ ਕਰਕੇ ਅਤੇ ਉਨ੍ਹਾਂ ਨੂੰ ਨਗਰ ਪਾਲਿਕਾਵਾਂ ਤੱਕ ਸੀਮਤ ਕਰਕੇ ‘ਜ਼ਬਰਦਸਤੀ’ ਸੰਘਵਾਦ ਲਾਗੂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨਾਲ ਹੀ ਕੈਗ ਦੀ ਰਿਪੋਰਟ ਦਾ ਹਵਾਲਾ ਦਿੱਤਾ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਰਾਜਾਂ ’ਤੇ 10 ਸਾਲਾਂ ਅੰਦਰ ਤਕਰੀਬਨ 60 ਲੱਖ ਕਰੋੜ ਰੁਪਏ ਦਾ ਕਰਜ਼ਾ ਵੱਧ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਭਾਰਤ ਦਾ ਸੰਘਵਾਦ ਦਬਾਅ ਹੇਠ ਹੈ। ਐਕਸ ’ਤੇ ਇੱਕ ਪੋਸਟ ’ਚ ਉਨ੍ਹਾਂ ਕਿਹਾ ਕਿ ਰਾਜ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬੇ ਪਏ ਹਨ ਜੋ ‘ਇੱਕ ਦਹਾਕੇ ’ਚ ਤਿੰਨ ਗੁਣਾ’ ਹੋ ਗਿਆ ਹੈ ਅਤੇ ਹੁਣ ਸਰਕਾਰ ਜੀਐੱਸਟੀ ਦੇ ਮੁਆਵਜ਼ਾ ਸੈੱਸ ਅਤੇ ‘ਮਨ ਮਰਜ਼ੀ ਵਾਲੇ’ ਕੇਂਦਰੀ ਟੈਕਸਾਂ ਨਾਲ ਨਜਿੱਠਣ ਕਾਰਨ ਉਨ੍ਹਾਂ ਦੀ ਵਿੱਤੀ ਆਜ਼ਾਦੀ ਖੋਹੀ ਜਾ ਰਹੀ ਹੈ। ‘ਨਤੀਜਾ ਦੋਹਰਾ ਸੰਕਟ ਹੈ: ਵਧਦਾ ਕਰਜ਼ਾ ਅਤੇ ਘਟਦਾ ਮਾਲੀਆ।’ ਉਨ੍ਹਾਂ ਆਪਣੀ ਪੋਸਟ ’ਚ ਕਿਹਾ, ‘‘ਸਹਿਕਾਰੀ ਸੰਘਵਾਦ’ ਦਾਅ ’ਤੇ ਹੈ, ‘ਸੱਤਾ ਦਾ ਵਿਕੇਂਦਰੀਕਰਨ’ ਦਾਅ ’ਤੇ ਹੈ ਅਤੇ ਅਸੀਂ ਜੋ ਦੇਖ ਰਹੇ ਹਾਂ ਉਹ ‘ਰਾਜਾਂ ਨੂੰ ਖਤਮ ਕਰਨ’, ਉਨ੍ਹਾਂ ਦੀ ‘ਕਾਰਜ ਸਮਰੱਥਾ’ ਨੂੰ ਖੋਖਲਾ ਕਰਨ ਅਤੇ ਕੇਂਦਰ ਦੇ ਹੱਥਾਂ ’ਚ ‘ਸੱਤਾ ਦਾ ਸੰਘੀਕਰਨ’ ਕਰਨ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ।’ ਸੁਰਜੇਵਾਲਾ ਨੇ ਕਿਹਾ ਕਿ ਰਾਜਾਂ ਦੇ ਕਰਜ਼ੇ ਬਾਰੇ ਕੈਗ ਦੀ ਰਿਪੋਰਟ ਇਸ ਸੰਕਟ ਨੂੰ ਹੋਰ ਵੀ ਭਿਆਨਕ ਬਣਾ ਦਿੰਦੀ ਹੈ।