ਕੇਂਦਰ ਵੱਡੇ ਕਾਰੋਬਾਰੀਆਂ ਦਾ ਕਰਜ਼ਾ ਮੁਆਫ਼ ਕਰ ਸਕਦੈ ਪਰ ਪੀੜਤਾਂ ਦਾ ਨਹੀਂ: ਪ੍ਰਿਯੰਕਾ
ਵਾਇਨਾਡ ਹਾਦਸੇ ਦੇ ਪੀੜਤਾਂ ਦਾ ਕਰਜ਼ਾ ਮੁਆਫ਼ ਨਾ ਕਰਨ ’ਤੇ ਕਾਂਗਰਸ ਆਗੂ ਭਡ਼ਕੀ; ਕੇਂਦਰ ’ਤੇ ਪੱਖਪਾਤ ਦਾ ਦੋਸ਼ ਲਾਇਆ
ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਾਇਨਾਡ ਵਿੱਚ ਢਿੱਗਾਂ ਡਿੱਗਣ ਦੇ ਪੀੜਤਾਂ ਦਾ ਕਰਜ਼ਾ ਮੁਆਫ਼ ਨਾ ਕਰਨ ’ਤੇ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੱਡੇ ਕਾਰੋਬਾਰੀਆਂ ਦਾ ਕਰਜ਼ਾ ਮੁਆਫ਼ ਕਰਨ ਵਿੱਚ ਕੋਈ ਝਿਜਕ ਨਹੀਂ ਹੁੰਦੀ ਪਰ ਜਦੋਂ ਆਮ ਲੋਕਾਂ ਦੀ ਵਾਰੀ ਆਉਂਦੀ ਹੈ ਤਾਂ ਉਹ ਪਿੱਛੇ ਹਟ ਜਾਂਦੀ ਹੈ।
ਪ੍ਰਿਯੰਕਾ ਗਾਂਧੀ ਕੇਂਦਰ ਸਰਕਾਰ ਦੇ ਉਸ ਰੁਖ਼ ’ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਸ ਵਿੱਚ ਸਰਕਾਰ ਨੇ ਕੇਰਲ ਹਾਈ ਕੋਰਟ ਨੂੰ ਕਿਹਾ ਸੀ ਕਿ ਉਹ ਵਾਇਨਾਡ ਪੀੜਤਾਂ ਦਾ ਕਰਜ਼ਾ ਮੁਆਫ਼ ਨਹੀਂ ਕਰ ਸਕਦੀ। ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਨੇ ਕਿਹਾ ਕਿ ਉਹ ਹਾਈ ਕੋਰਟ ਦੀ ਇਸ ਟਿੱਪਣੀ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਕੇਂਦਰ ਸਰਕਾਰ ਲੋੜ ਦੇ ਸਮੇਂ ਪੀੜਤਾਂ ਦੀ ਮਦਦ ਕਰਨ ਵਿੱਚ ਨਾਕਾਮ ਰਹੀ ਹੈ।
ਕੇਰਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਡੀ ਸਤੀਸਨ ਨੇ ਵੀ ਕੇਂਦਰ ਦੇ ਇਸ ਰੁਖ਼ ਨੂੰ ‘ਗਲਤ ਕਦਮ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਸਿਰ ਹਰ ਤਰ੍ਹਾਂ ਦਾ ਕਰਜ਼ਾ ਹੈ ਪਰ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਜਾਂ ਜਾਇਦਾਦ ਨਹੀਂ ਬਚੀ ਹੈ। ਅਜਿਹੇ ਹਾਲਾਤ ਵਿੱਚ ਕਰਜ਼ਾ ਮੁਆਫ਼ ਕਰਨਾ ਹੀ ਇੱਕੋ-ਇੱਕ ਹੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਹੋਰ ਉੱਤਰੀ ਭਾਰਤੀ ਰਾਜਾਂ ਦੇ ਮਾਮਲੇ ਵਿੱਚ ਵੱਖਰਾ ਰੁਖ਼ ਅਪਣਾਇਆ ਪਰ ਕੇਰਲ ਦੇ ਮਾਮਲੇ ਵਿੱਚ ਪੱਖਪਾਤ ਕੀਤਾ ਜਾ ਰਿਹਾ ਹੈ।