ਪੰਜਾਬ ਸਣੇ ਹੜ੍ਹ ਪ੍ਰਭਾਵਿਤ ਸੂਬਿਆਂ ’ਚ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮਾਂ ਗਠਿਤ
ਪਿਛਲੇ ਇੱਕ ਮਹੀਨੇ ਤੋਂ ਉੱਤਰੀ ਭਾਰਤ ਵਿੱਚ ਲਗਾਤਾਰ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਲਈ ਅੰਤਰ-ਮੰਤਰਾਲਿਆਂ ਦੀਆਂ ਕੇਂਦਰੀ ਟੀਮਾਂ (IMCTs) ਦਾ ਗਠਨ ਕੀਤਾ ਤਾਂ ਜੋ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਟੀਮਾਂ ਅਗਲੇ ਹਫਤੇ ਦੇ ਸ਼ੁਰੂ ਵਿੱਚ ਲੈਂਡ ਸਲਾਈਡ ਪ੍ਰਭਾਵਿਤ ਖੇਤਰਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੀਆਂ।
ਇਹ IMCTs ਸਥਾਨਕ ਪੱਧਰ ’ਤੇ ਸਥਿਤੀ ਅਤੇ ਸੰਬੰਧਤ ਸੂਬਾਈ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਵੀ ਮੁਲਾਂਕਣ ਕਰਨਗੀਆਂ। ਇਹ ਟੀਮਾਂ ਗ੍ਰਹਿ ਮੰਤਰਾਲੇ (MHA) ਅਤੇ NDMA ਵਿੱਚ ਜੁਆਇੰਟ ਸਕੱਤਰ ਦੇ ਪੱਧਰ ਦੇ ਸੀਨੀਅਰ ਅਧਿਕਾਰੀ ਦੀ ਅਗਵਾਈ ਵਿੱਚ ਹੋਣਗੀਆਂ ਅਤੇ ਇਨ੍ਹਾਂ ਵਿੱਚ ਵਿੱਤ, ਖੇਤੀਬਾੜੀ ਅਤੇ ਕਿਸਾਨ ਭਲਾਈ, ਜਲ ਸ਼ਕਤੀ, ਬਿਜਲੀ, ਸੜਕ ਆਵਾਜਾਈ ਅਤੇ ਰਾਜਮਾਰਗ, ਅਤੇ ਪੇਂਡੂ ਵਿਕਾਸ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਅਧਿਕਾਰਤ ਸੂਤਰਾਂ ਨੇ ਅੱਗੇ ਦੱਸਿਆ ਕਿ MHA ਇਨ੍ਹਾਂ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ NDRF, ਫੌਜ ਅਤੇ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੀਆਂ ਲੋੜੀਂਦੀਆਂ ਟੀਮਾਂ ਨੂੰ ਤਾਇਨਾਤ ਕਰਕੇ ਸਾਰੀ ਜ਼ਰੂਰੀ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਜੋ ਖੋਜ ਅਤੇ ਬਚਾਅ ਅਤੇ ਜ਼ਰੂਰੀ ਸੇਵਾਵਾਂ ਦੀ ਬਹਾਲੀ ਵਿੱਚ ਮਦਦ ਕਰ ਰਹੇ ਹਨ।