ਤਬਾਹੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਹਿਮਾਚਲ ਪੁੱਜੀ
ਸੂਬੇ ਵਿੱਚ ਲਗਾਤਾਰ ਬੱਦਲ ਫਟਣ ਅਤੇ ਭਾਰੀ ਬਾਰਿਸ਼ ਕਾਰਨ ਹੋਈ ਤਬਾਹੀ ਦਾ ਅਧਿਐਨ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਟੀਮ ਅੱਜ ਹਿਮਾਚਲ ਪਹੁੰਚੀ ਹੈ। ਕੇਂਦਰੀ ਟੀਮ 24 ਜੁਲਾਈ ਨੂੰ ਸ਼ਿਮਲਾ ਵਿੱਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰੇਗੀ। 25 ਅਤੇ 26 ਜੁਲਾਈ ਨੂੰ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਟੀਮ ਦਿੱਲੀ ਵਾਪਸ ਚਲੀ ਜਾਵੇਗੀ। ਦਿੱਲੀ ਪਹੁੰਚਣ ਤੋਂ ਬਾਅਦ ਇਹ ਟੀਮ ਇੱਕ ਹਫ਼ਤੇ ਦੇ ਅੰਦਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪੇਗੀ। ਰਿਪੋਰਟ ਦੇ ਆਧਾਰ ’ਤੇ ਹਿਮਾਚਲ ਵਰਗੇ ਪਹਾੜੀ ਰਾਜਾਂ ਲਈ ਆਫ਼ਤ ਪ੍ਰਬੰਧਨ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਹ ਕੇਂਦਰੀ ਕਮੇਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ’ਤੇ ਬਣਾਈ ਗਈ ਹੈ, ਜਿਸ ਦੀ ਅਗਵਾਈ ਕਰਨਲ ਕੇਪੀ ਸਿੰਘ ਕਰ ਰਹੇ ਹਨ। ਟੀਮ ਦੇ ਹੋਰ ਮਾਹਿਰਾਂ ਵਿੱਚ ਸੀਐੱਸਆਈਆਰ ਰੁੜਕੀ ਦੇ ਮੁੱਖ ਵਿਗਿਆਨੀ ਡਾ. ਐੱਸਕੇ ਨੇਗੀ, ਮਨੀਪੁਰ ਯੂਨੀਵਰਸਿਟੀ ਤੋਂ ਸੇਵਾਮੁਕਤ ਭੂ-ਵਿਗਿਆਨੀ ਅਰੁਣ ਕੁਮਾਰ, ਆਈਆਈਆਈਟੀਐੱਮ ਪੁਣੇ ਤੋਂ ਸੁਸ਼ਮਿਤਾ ਅਤੇ ਆਈਆਈਟੀ ਇੰਦੌਰ ਤੋਂ ਸਿਵਲ ਇੰਜਨੀਅਰ ਨੀਲਿਮਾ ਸ਼ਾਮਲ ਹਨ।
ਹਿਮਾਚਲ ਪ੍ਰਦੇਸ਼: ਭਾਰੀ ਮੀਂਹ ਕਾਰਨ 385 ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਤੋਂ ਬਾਅਦ ਕੌਮੀ ਸ਼ਾਹਰਾਹਾਂ ਸਣੇ ਕੁੱਲ 385 ਸੜਕਾਂ ਬੰਦ ਹੋ ਗਈਆਂ ਹਨ। ਮੰਡੀ ਵਿੱਚ ਐੱਨਐੱਚ 70 (ਮੰਡੀ-ਕੋਟਲੀ ਮਾਰਗ) ਬੰਦ ਹੈ ਜਦਕਿ ਸਿਰਮੌਰ ਵਿੱਚ ਐੱਨਐੱਚ 707 (ਹਾਟਕੋਟੀ ਤੋਂ ਪਾਊਂਟਾ ਸਾਹਿਬ) ਢਿੱਗਾਂ ਡਿੱਗਣ ਤੋਂ ਬਾਅਦ ਕਈ ਥਾਵਾਂ ਤੋਂ ਬੰਦ ਹੋ ਗਿਆ ਹੈ। ਸੂਬੇ ਦੇ ਐਮਰਜੈਂਸੀ ਮੁਹਿੰਮ ਕੇਂਦਰ (ਐੱਸਈਓਸੀ) ਮੁਤਾਬਕ, ਕੁੱਲ 385 ਸੜਕਾਂ ’ਚੋਂ 252 ਸੜਕਾਂ ਆਫ਼ਤ ਪ੍ਰਭਾਵਿਤ ਮੰਡੀ ਜ਼ਿਲ੍ਹੇ ਵਿੱਚ ਬੰਦ ਹਨ ਜਦਕਿ 263 ਬਿਜਲੀ ਟਰਾਂਸਫਾਰਮਰ ਅਤੇ ਜਲ ਸਪਲਾਈ ਦੀਆਂ 220 ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ।