ਟਰੰਪ ਦੇ ‘ਕੰਟਰੋਲ’ ਹੇਠ ਚੱਲ ਰਹੀ ਹੈ ਕੇਂਦਰ ਸਰਕਾਰ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਕੰਟਰੋਲ’ ਹੇਠ ਚੱਲ ਰਹੀ ਹੈ। ਉਨ੍ਹਾਂ ਪਾਕਿਸਤਾਨ ਨਾਲ ਹਾਲੀਆ ਟਕਰਾਅ ਦੌਰਾਨ ਮਕਬੂਜ਼ਾ ਕਸ਼ਮੀਰ (ਪੀਓਕੇ) ’ਤੇ ਕਬਜ਼ਾ ਨਾ ਕਰਨ ’ਚ ਕੇਂਦਰ ਸਰਕਾਰ ਦੀ ਨਾਕਾਮੀ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਬਿਹਾਰ ਵਾਂਗ ਪੱਛਮੀ ਬੰਗਾਲ ’ਚ ਵੀ ਵੋਟਰਾਂ ਦੇ ਨਾਮ ਸੂਚੀਆਂ ’ਚੋਂ ਕੱਟੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ।
ਇਥੇ ਟੀਐੱਮਸੀ ਦੀ ਸਾਲਾਨਾ ਸ਼ਹੀਦੀ ਦਿਵਸ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਪਹਿਲਗਾਮ ਦਹਿਸ਼ਤੀ ਹਮਲੇ ਅਤੇ ‘ਅਪਰੇਸ਼ਨ ਸਿੰਧੂਰ’ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਤੁਹਾਨੂੰ ਅਮਰੀਕੀ ਰਾਸ਼ਟਰਪਤੀ ਚਲਾ ਰਹੇ ਹਨ ਅਤੇ ਤੁਸੀਂ ਸਾਨੂੰ ਭਾਸ਼ਣ ਦਿੰਦੇ ਹੋ। ਤੁਸੀਂ (ਕੇਂਦਰ ਸਰਕਾਰ) ਉਨ੍ਹਾਂ (ਅਮਰੀਕੀ ਰਾਸ਼ਟਰਪਤੀ) ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹੋ।’’ ਪੱਛਮੀ ਬੰਗਾਲ ’ਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਬੰਗਾਲੀ ਗੌਰਵ’ ਦੇ ਮੁੱਦੇ ਨੂੰ ਭਖਾਉਂਦਿਆਂ ਮੁੱਖ ਮੰਤਰੀ ਨੇ ਭਾਜਪਾ ’ਤੇ ਬੰਗਾਲੀਆਂ ਖ਼ਿਲਾਫ਼ ‘ਭਾਸ਼ਾਈ ਅਤਿਵਾਦ’ ਫੈਲਾਉਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਚੋਣ ਹਾਰਨ ਤੱਕ ਪਛਾਣ ਅਤੇ ਭਾਸ਼ਾ ਦੀ ਜੰਗ ਜਾਰੀ ਰਹੇਗੀ। ਮਮਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਿੱਧੇ ਢੰਗ ਨਾਲ ਮਖੌਲ ਉਡਾਉਂਦਿਆਂ ਕਿਹਾ, ‘‘ਤੁਸੀਂ ਬੰਗਾਲ ਆਉਂਦੇ ਹੋ, ਟੈਲੀਪ੍ਰੋਮਪਟਰ ਦੇਖ ਕੇ ਬੰਗਾਲੀ ਬੋਲਦੇ ਹੋ ਅਤੇ ਸੋਚਦੇ ਹੋ ਕਿ ਤੁਸੀਂ ਦਿਲ ਜਿੱਤ ਸਕਦੇ ਹੋ। ਤੁਸੀਂ ਪੀਓਕੇ ’ਤੇ ਤਾਂ ਕਬਜ਼ਾ ਨਹੀਂ ਕਰ ਸਕੇ ਪਰ ਬੰਗਾਲ ’ਤੇ ਕਬਜ਼ੇ ਦਾ ਸੁਪਨਾ ਲੈ ਰਹੇ ਹੋ।’’