Ceasefire with Pakistan was bilateral: ਪਾਕਿਸਤਾਨ ਨੇ ਪਰਮਾਣੂ ਹਮਲੇ ਦਾ ਕੋਈ ਸੰਕੇਤ ਨਹੀਂ ਦਿੱਤਾ: ਭਾਰਤ
ਨਵੀਂ ਦਿੱਲੀ, 19 ਮਈ
India and Pakistan: ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਸੰਸਦੀ ਕਮੇਟੀ ਨੂੰ ਦੱਸਿਆ ਕਿ ਇਸਲਾਮਾਬਾਦ ਵੱਲੋਂ ਪ੍ਰਮਾਣੂ ਹਮਲੇ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਗਿਆ। ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਹਮੇਸ਼ਾ ਰਵਾਇਤੀ ਤੌਰ ’ਤੇ ਹੀ ਟਕਰਾਅ ਹੁੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਫੌਜੀ ਕਾਰਵਾਈ ਰੋਕਣ ਦਾ ਫੈਸਲਾ ਦੋਵਾਂ ਦੇਸ਼ਾਂ ਦਾ ਸੀ। ਇਸ ਮੌਕੇ ਕੁਝ ਸੰਸਦ ਮੈਂਬਰਾਂ ਨੇ ਪੁੱਛਿਆ ਕਿ ਕੀ ਪਾਕਿਸਤਾਨ ਨੇ ਸੰਘਰਸ਼ ਵਿਚ ਚੀਨੀ ਪਲੇਟਫਾਰਮਾਂ ਦੀ ਵਰਤੋਂ ਕੀਤੀ ਹੈ। ਇਸ ਮੀਟਿੰਗ ਵਿਚ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ, ਟੀਐਮਸੀ ਦੇ ਅਭਿਸ਼ੇਕ ਬੈਨਰਜੀ, ਕਾਂਗਰਸ ਦੇ ਰਾਜੀਵ ਸ਼ੁਕਲਾ ਅਤੇ ਦੀਪੇਂਦਰ ਹੁੱਡਾ, ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਅਤੇ ਭਾਜਪਾ ਦੇ ਅਪਰਾਜਿਤਾ ਸਣੇ ਕਈ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸ ਤੋਂ ਇਕ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਦੇਸ਼ ਵਿੱਚ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਜਦਕਿ ਚੀਨ ਤੋਂ ਉਧਾਰ ਲਈ ਗਈ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਵਰਤੋਂ ਵਿੱਚ ਹੀ ਨਹੀਂ ਲਿਆਂਦੀ ਜਾ ਸਕੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਨੇ ਦੁਨੀਆ ਅੱਗੇ ਪਾਕਿਸਤਾਨ ਦੇ ਅਤਿਵਾਦ ਬਾਰੇ ਝੂਠ ਦਾ ਪਰਦਾਫਾਸ਼ ਕੀਤਾ। ਸ਼ਾਹ ਨੇ ਕਿਹਾ ਕਿ ਜਿੱਥੇ ਪਹਿਲਾਂ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲੇ ਮਕਬੂਜ਼ਾ ਕਸ਼ਮੀਰ ਤੱਕ ਸੀਮਿਤ ਸਨ, ਉੱਧਰ ਭਾਰਤ ਨੇ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ 100 ਕਿਲੋਮੀਟਰ ਅੰਦਰ ਦਾਖ਼ਲ ਹੋ ਕੇ ਅਤਿਵਾਦੀਆਂ ਅਤੇ ਉਨ੍ਹਾਂ ਦੇ ਟਿਕਾਣਿਆਂ ਦਾ ਖਾਤਮਾ ਕੀਤਾ।