ਗਾਜ਼ਾ ’ਚ ਗੋਲੀਬੰਦੀ ਦਾ ਸਮਝੌਤਾ ਲਾਗੂ
ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਪੱਟੀ ਲਈ ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦਾ ਸਮਝੌਤਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਤੋਂ ਲਾਗੂ ਹੋ ਗਿਆ ਹੈ ਅਤੇ ਫ਼ੌਜ ਸਹਿਮਤੀ ਵਾਲੇ ਸਥਾਨ ’ਤੇ ਪਰਤ ਰਹੀ ਹੈ। ਇਹ ਐਲਾਨ ਇਜ਼ਰਾਇਲੀ ਮੰਤਰੀ ਮੰਡਲ ਵੱਲੋਂ ਗਾਜ਼ਾ...
ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਪੱਟੀ ਲਈ ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦਾ ਸਮਝੌਤਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਤੋਂ ਲਾਗੂ ਹੋ ਗਿਆ ਹੈ ਅਤੇ ਫ਼ੌਜ ਸਹਿਮਤੀ ਵਾਲੇ ਸਥਾਨ ’ਤੇ ਪਰਤ ਰਹੀ ਹੈ। ਇਹ ਐਲਾਨ ਇਜ਼ਰਾਇਲੀ ਮੰਤਰੀ ਮੰਡਲ ਵੱਲੋਂ ਗਾਜ਼ਾ ਪੱਟੀ ’ਚ ਗੋਲੀਬੰਦੀ, ਬੰਦੀਆਂ ਅਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੋਜਨਾ ਨੂੰ ਮਨਜ਼ੂਰੀ ਦੇਣ ਦੇ ਕੁਝ ਘੰਟਿਆਂ ਬਾਅਦ ਹੋਇਆ। ਫ਼ੌਜ ਦੀ ਵਾਪਸੀ ਦੇ ਐਲਾਨ ਮਗਰੋਂ ਸੈਂਟਰਲ ਗਾਜ਼ਾ ਦੇ ਵਡੀ ਗਾਜ਼ਾ ’ਚ ਹਜ਼ਾਰਾਂ ਲੋਕਾਂ ਨੇ ਉੱਤਰ ਵੱਲ ਨੂੰ ਚਾਲੇ ਪਾ ਦਿੱਤੇ। ਇਸ ਤੋਂ ਪਹਿਲਾਂ ਫਲਸਤੀਨੀਆਂ ਨੇ ਸ਼ੁੱਕਰਵਾਰ ਸਵੇਰੇ ਗਾਜ਼ਾ ’ਚ ਭਾਰੀ ਗੋਲਾਬਾਰੀ ਦੀ ਜਾਣਕਾਰੀ ਦਿੱਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਤੋਂ ਜਾਰੀ ਇਕ ਸੰਖੇਪ ਬਿਆਨ ’ਚ ਕਿਹਾ ਗਿਆ ਕਿ ਮੰਤਰੀ ਮੰਡਲ ਨੇ ਬੰਦੀਆਂ ਦੀ ਰਿਹਾਈ ਲਈ ਸਮਝੌਤੇ ਦੀ ਰੂਪ-ਰੇਖਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਂਝ ਇਸ ’ਚ ਯੋਜਨਾ ਦੇ ਹੋਰ ਵਿਵਾਦਤ ਪੱਖਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਜ਼ਰਾਇਲੀ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਫ਼ੌਜ ਗਾਜ਼ਾ ਦੇ ਕਰੀਬ 50 ਫ਼ੀਸਦ ਹਿੱਸੇ ’ਤੇ ਕੰਟਰੋਲ ਰੱਖੇਗੀ। ਹਮਾਸ ਦੇ ਇਕ ਸੀਨੀਅਰ ਅਧਿਕਾਰੀ ਅਤੇ ਪ੍ਰਮੁੱਖ ਵਾਰਤਾਕਾਰ ਨੇ ਕਿਹਾ ਕਿ ਇਜ਼ਰਾਈਲ ਕਰੀਬ 2 ਹਜ਼ਾਰ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ, ਮਿਸਰ ਨਾਲ ਸਰਹੱਦ ਖੋਲ੍ਹੇਗਾ, ਰਾਹਤ ਸਮੱਗਰੀ ਆਉਣ ਦੀ ਇਜਾਜ਼ਤ ਦੇਵੇਗਾ ਅਤੇ ਫ਼ੌਜ ਪਰਤੇਗੀ। ਇਜ਼ਰਾਇਲੀ ਜੇਲ੍ਹਾਂ ’ਚ ਬੰਦ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਵੀ ਰਿਹਾਅ ਕੀਤਾ ਜਾਵੇਗਾ।