CBSE: ਸੀਬੀਐਸਈ: 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ
ਬੋਰਡ ਨੇ ਡੇਟਸ਼ੀਟ ਐਲਾਨੀ; ਦਸਵੀਂ ਦੀ 18 ਮਾਰਚ ਤੇ ਬਾਰ੍ਹਵੀਂ ਦੀ ਪ੍ਰੀਖਿਆ 4 ਅਪਰੈਲ ਨੂੰ ਹੋਵੇਗੀ ਸਮਾਪਤ
ਟਿਬਿਊਨ ਨਿਉਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਐਲਾਨ ਦਿੱਤੀ ਹੈ। ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਨੂੰ ਜਦਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪਰੈਲ ਨੂੰ ਸਮਾਪਤ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਵੇਰ ਸਾਢੇ ਦਸ ਵਜੇ ਹੋਵੇਗਾ। ਸੀਬੀਐਸਈ ਨੇ ਪਹਿਲੀ ਵਾਰ ਡੇਟਸ਼ੀਟ 86 ਦਿਨ ਪਹਿਲਾਂ ਜਾਰੀ ਕੀਤੀ ਹੈ ਜਦਕਿ ਪਹਿਲਾਂ ਵਾਲੇ ਸਾਲਾਂ ਵਿਚ ਇਹ ਡੇਟਸ਼ੀਟ ਦਸੰਬਰ ਦੇ ਦੂਜੇ ਹਫਤੇ ਤੋਂ ਬਾਅਦ ਹੀ ਜਾਰੀ ਕੀਤੀ ਜਾਂਦੀ ਸੀ।
ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਬੋਰਡ ਨੇ ਇਹ ਡੇਟਸ਼ੀਟ ਚਾਲੀ ਹਜ਼ਾਰ ਸਬਜੈਕਟ ਕੰਬੀਨੇਸ਼ਨਾਂ ਨੂੰ ਧਿਆਨ ਵਿਚ ਰੱਖ ਕੇ ਹੀ ਤਿਆਰ ਕੀਤੀ ਹੈ ਤੇ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਵਿਦਿਆਰਥੀ ਦੇ ਪੇਪਰ ਇਕ ਹੀ ਤਰੀਕ ਨੂੰ ਨਾ ਆਉਣ। ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ਵੀ ਮੁਕਾਬਲਾ ਪ੍ਰੀਖਿਆਵਾਂ ਅਨੁਸਾਰ ਹੀ ਤਿਆਰ ਕੀਤੀ ਗਈ ਹੈ।

