ਸੀਬੀਆਈ ਨੇ 5 ਸਾਲਾਂ ’ਚ ਵਿਦੇਸ਼ਾਂ ਤੋਂ 134 ਭਗੌੜਿਆਂ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ: ਅਧਿਕਾਰੀ
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਤੋਂ 134 ਭਗੌੜਿਆਂ ਨੂੰ ਵਾਪਸ ਲਿਆਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜੋ 2010 ਤੋਂ 2019 ਦੇ ਪੂਰੇ ਦਹਾਕੇ ਦੌਰਾਨ ਵਾਪਸ ਲਿਆਂਦੇ ਗਏ ਵਿਅਕਤੀਆਂ ਦੀ ਗਿਣਤੀ ਤੋਂ ਲਗਪਗ ਦੁੱਗਣੀ ਹੈ। ਇੰਟਰਪੋਲ ਦੇ ਨਾਲ-ਨਾਲ ਰਾਜ ਅਤੇ ਕੇਂਦਰੀ ਲਾਗੂਕਰਨ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਕਰਦੇ ਹੋਏ, ਸੀਬੀਆਈ 2020 ਤੋਂ ਇਨ੍ਹਾਂ 134 ਭਗੌੜਿਆਂ ਦੀ ਹਵਾਲਗੀ ਜਾਂ ਦੇਸ਼ ਨਿਕਾਲਾ ਸੁਰੱਖਿਅਤ ਕਰਨ ਵਿੱਚ ਕਾਮਯਾਬ ਰਹੀ ਹੈ। ਇਨ੍ਹਾਂ ਵਿੱਚੋਂ ਇਸ ਸਾਲ ਦੌਰਾਨ 23 ਭਗੋੜਿਆਂ ਨੂੰ ਵਾਪਸ ਲਿਆਂਦਾ ਗਿਆ ਹੈ।
ਪਿਛਲੇ ਅੰਕੜਿਆਂ ਅਨੁਸਾਰ 2010 ਤੋਂ 2019 ਦੇ ਦਹਾਕੇ ਦੌਰਾਨ ਸਿਰਫ 74 ਭਗੌੜਿਆਂ ਨੂੰ ਵਾਪਸ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਸਫਲਤਾ ਦਰ ਵਿੱਚ ਵਾਧੇ ਦਾ ਕਾਰਨ ਸਰਕਾਰ ਵੱਲੋਂ ਵਧਾਈਆਂ ਗਈਆਂ ਕੂਟਨੀਤਕ ਗਤੀਵਿਧੀਆਂ, VVIP ਦੌਰਿਆਂ ਰਾਹੀਂ ਭਾਰਤ ਦੀ ਪਹੁੰਚ, ਦੁਵੱਲੇ ਸਬੰਧਾਂ, ਤਕਨੀਕੀ ਤਰੱਕੀ, ਅਤੇ ਇੰਟਰਪੋਲ ਨਾਲ ਬਿਹਤਰ ਤਾਲਮੇਲ ਨੂੰ ਮੰਨਿਆ ਜਾ ਸਕਦਾ ਹੈ।
ਹਵਾਲਗੀ ਦੀ ਪ੍ਰਕਿਰਿਆ ਦੇ ਤਿੰਨ ਪੜਾਅ ਹਨ ਇੰਟਰਪੋਲ ਵੱਲੋਂ ਇੱਕ ਰੈੱਡ ਨੋਟਿਸ ਜਾਰੀ ਕਰਨਾ, ਭਗੌੜੇ ਦਾ ਭੂ-ਸਥਾਨ, ਅਤੇ ਤੀਜਾ, ਕਾਨੂੰਨੀ ਅਤੇ ਕੂਟਨੀਤਕ ਕਾਰਵਾਈਆਂ ਤੋਂ ਬਾਅਦ ਹਵਾਲਗੀ, ਇਹ ਸਾਰੀਆਂ ਸਮਾਂ ਲੈਣ ਵਾਲੀਆਂ ਪ੍ਰਕਿਰਿਆਵਾਂ ਹਨ।
ਇੰਟਰਪੋਲ ਨੇ ਰੈੱਡ ਨੋਟਿਸ ਜਾਰੀ ਕਰਨ ਲਈ ਲੱਗਦੇ ਸਮੇਂ ਨੂੰ ਘਟਾਉਣ ਲਈ ਸੀਬੀਆਈ ਨੇ ਜਨਵਰੀ ਵਿੱਚ ਆਪਣਾ ਡਿਜੀਟਲ ਪੋਰਟਲ ਭਾਰਤਪੋਲ ਲਾਂਚ ਕੀਤਾ ਹੈ। ਇਹ ਪੋਰਟਲ ਦੇਸ਼ ਵਿੱਚ ਲੋੜੀਂਦੇ ਭਗੌੜੇ ਬਾਰੇ ਸਾਰੇ 195 ਦੇਸ਼ਾਂ ਨੂੰ ਸੁਚੇਤ ਕਰਦਾ ਹੈ। ਏਜੰਸੀ ਵੱਲੋਂ ਅੰਦਰੂਨੀ ਤੌਰ ’ਤੇ ਵਿਕਸਤ ਕੀਤਾ ਗਿਆ ਇਹ ਪਲੇਟਫਾਰਮ, ਸੀਬੀਆਈ ਰਾਹੀਂ ਭਾਰਤੀ ਪੁਲੀਸ ਏਜੰਸੀਆਂ ਨੂੰ ਇੰਟਰਪੋਲ ਨਾਲ ਜੋੜਦਾ ਹੈ।
ਇੱਕ ਅਧਿਕਾਰੀ ਨੇ ਕਿਹਾ, ‘‘ਪੋਰਟਲ ਨੇ ਬਿਹਤਰ ਦਸਤਾਵੇਜ਼ੀਕਰਨ ਨੂੰ ਯਕੀਨੀ ਬਣਾਇਆ ਹੈ, ਜਿਸ ਵਿੱਚ ਕਾਫੀ ਸਮਾਂ ਲੱਗਦਾ ਸੀ।’’
ਇਸ ਤਾਲਮੇਲ ਵਾਲੇ ਯਤਨ ਦੀ ਇੱਕ ਹਾਲੀਆ ਮਹੱਤਵਪੂਰਨ ਸਫਲਤਾ ਅਮਰੀਕਾ ਵਿੱਚ ਨੇਹਾਲ ਮੋਦੀ ਦੀ ਗ੍ਰਿਫ਼ਤਾਰੀ ਸੀ। ਨੇਹਾਲ ਨੀਰਵ ਮੋਦੀ ਦਾ ਭਰਾ ਹੈ ਜੋ ਵਰਤਮਾਨ ਵਿੱਚ ਯੂ.ਕੇ. ਵਿੱਚ ਕੈਦ ਹੈ ਅਤੇ ਭਾਰਤ ਉਸਦੀ ਹਵਾਲਗੀ ਦੀ ਉਡੀਕ ਕਰ ਰਿਹਾ ਹੈ। ਨੀਰਵ ਮੋਦੀ ਨੇ ਆਪਣੇ ਚਾਚਾ ਮੇਹੁਲ ਚੋਕਸੀ ਨਾਲ ਮਿਲ ਕੇ ਧੋਖਾਧੜੀ ਵਾਲੇ ਲੈਟਰਸ ਆਫ ਅੰਡਰਟੇਕਿੰਗ ਰਾਹੀਂ ਪੰਜਾਬ ਨੈਸ਼ਨਲ ਬੈਂਕ ਵਿੱਚ 13,000 ਕਰੋੜ ਰੁਪਏ ਦਾ ਘਪਲਾ ਕੀਤਾ ਸੀ।