ਨਕਦੀ ਵਿਵਾਦ: ਸੁਪਰੀਮ ਕੋਰਟ ਜਾਂਚ ਕਮੇਟੀ ਦੀ ਰਿਪੋਰਟ ’ਚ ਗਲਤ ਵਤੀਰਾ ਸਾਬਤ, ਜਸਟਿਸ ਵਰਮਾ ਨੂੰ ਹਟਾਉਣ ਦੀ ਤਜਵੀਜ਼
ਨਵੀਂ ਦਿੱਲੀ, 19 ਜੂਨ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਪੈਨਲ ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਉਸ ਸਟੋਰ ਰੂਮ ’ਤੇ ‘ਗੁਪਤ ਜਾਂ ਸਰਗਰਮ ਕੰਟਰੋਲ’ ਸੀ ਜਿੱਥੇ ਵੱਡੀ ਮਾਤਰਾ ਵਿੱਚ ਅੱਧੇ ਸੜੇ ਹੋਏ ਨੋਟ ਬਰਾਮਦ ਹੋਏ ਸੀ, ਜਿਸ ਤੋਂ ਉਨ੍ਹਾਂ ਦਾ ਗਲਤ ਵਤੀਰਾ ਸਾਬਤ ਹੁੰਦਾ ਹੈ। ਜੋ ਉਨ੍ਹਾਂ ਨੂੰ ਹਟਾਉਣ ਲਈ ਕਾਫੀ ਗੰਭੀਰ ਹੈ।
ਇਸ ਬਾਰੇ ਪੈਨਲ ਨੇ 10 ਦਿਨਾਂ ਤੱਕ ਜਾਂਚ ਕੀਤੀ, 55 ਗਵਾਹਾਂ ਤੋਂ ਪੁੱਛਗਿੱਛ ਕੀਤੀ ਅਤੇ ਹਾਦਸੇ ਵਾਲੀ ਉਸ ਥਾਂ ਦਾ ਦੌਰਾ ਕੀਤਾ, ਜੋ 14 ਮਾਰਚ ਨੂੰ ਰਾਤ 11.35 ਵਜੇ ਦੇ ਕਰੀਬ ਜਸਟਿਸ ਵਰਮਾ ਦੀ ਸਰਕਾਰੀ ਰਿਹਾਇਸ਼ ਸੀ। ਰਿਪੋਰਟ ’ਤੇ ਕਾਰਵਾਈ ਕਰਦਿਆਂ ਭਾਰਤ ਦੇ ਸਾਬਕਾ ਚੀਫ਼ ਜਸਟਿਸ ਸੰਜੀਵ ਖੰਨਾ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਜ ’ਤੇ ਮਹਾਂਦੋਸ਼ ਚਲਾਉਣ ਦੀ ਸਿਫਾਰਸ਼ ਕਰਦਿਆਂ ਲਿਖਿਆ ਹੈ।
ਪੈਨਲ ਨੇ ਆਪਣੀ 64 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ, “ਇਸ ਕਮੇਟੀ ਨੇ ਇਸ ਤਰ੍ਹਾਂ ਇਹ ਮੰਨਿਆ ਹੈ ਕਿ ਨਕਦੀ/ਪੈਸੇ ਜਸਟਿਸ ਵਰਮਾ ਦੇ ਅਧਿਕਾਰਤ ਕਬਜ਼ੇ ਵਾਲੇ 30 ਤੁਗਲਕ ਕ੍ਰੇਸੈਂਟ, ਨਵੀਂ ਦਿੱਲੀ ਦੇ ਸਟੋਰ ਰੂਮ ਵਿੱਚੋਂ ਮਿਲੇ ਸਨ। ਹੋਰ ਤਾਂ ਹੋਰ ਸਟੋਰ ਰੂਮ ਤੱਕ ਪਹੁੰਚ ਜਸਟਿਸ ਵਰਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਗੁਪਤ ਜਾਂ ਸਰਗਰਮ ਕੰਟਰੋਲ ਵਿੱਚ ਪਾਈ ਗਈ ਹੈ ਅਤੇ ਮਜ਼ਬੂਤ ਅਨੁਮਾਨਤ ਸਬੂਤਾਂ ਰਾਹੀਂ, ਇਹ ਸਥਾਪਤ ਕੀਤਾ ਗਿਆ ਹੈ ਕਿ ਸੜਿਆ ਹੋਇਆ ਨਕਦ/ਪੈਸਾ 15.3.2025 ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਦੌਰਾਨ 30 ਤੁਗਲਕ ਕ੍ਰੇਸੈਂਟ ਨਵੀਂ ਦਿੱਲੀ ਤੋਂ ਸਟੋਰ ਰੂਮ ਵਿੱਚੋਂ ਕੱਢਿਆ ਗਿਆ ਸੀ।”
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ, “ਰਿਕਾਰਡ ’ਤੇ ਮੌਜੂਦ ਸਿੱਧੇ ਅਤੇ ਇਲੈਕਟ੍ਰਾਨਿਕ ਸਬੂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਕਮੇਟੀ ਪੱਕੇ ਤੌਰ ’ਤੇ ਇਸ ਵਿਚਾਰ ਦੀ ਹੈ ਕਿ 22 ਮਾਰਚ ਨੂੰ ਭਾਰਤ ਦੇ ਚੀਫ਼ ਜਸਟਿਸ ਦੇ ਪੱਤਰ ਵਿੱਚ ਚੁੱਕੇ ਗਏ ਦੋਸ਼ਾਂ ਵਿੱਚ ਕਾਫ਼ੀ ਸਾਰ ਹੈ ਅਤੇ ਸਾਬਤ ਹੋਇਆ ਵਤੀਰਾ ਇੰਨਾ ਗੰਭੀਰ ਹੈ ਕਿ ਜਸਟਿਸ ਵਰਮਾ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਜਾਵੇ…” ਪੈਨਲ ਨੇ ਜਸਟਿਸ ਵਰਮਾ ਦੇ ਬਿਆਨ ਸਮੇਤ 55 ਗਵਾਹਾਂ ਦੇ ਬਿਆਨਾਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਅੰਦਰੂਨੀ ਕਮੇਟੀ ਵੱਲੋਂ ਨਿਰਧਾਰਤ ਜਾਂਚ ਪ੍ਰਕਿਰਿਆ ਦੇ ਤਹਿਤ ਆਪਣੇ ਸਿੱਟੇ ਦਿੱਤੇ।
ਜਸਟਿਸ ਨਾਗੂ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਜੀ ਐਸ ਸੰਧਾਵਾਲੀਆ, ਅਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਅਨੂ ਸਿਵਾਰਾਮਨ, ਜਾਂਚ ਪੈਨਲ ਵਿੱਚ ਸ਼ਾਮਲ ਸਨ। -ਪੀਟੀਆਈ