ਵਿਧਾਇਕਾ ਪੂਜਾ ਪਾਲ ਬਾਰੇ ਅਸ਼ਲੀਲ ਟਿੱਪਣੀ ਕਰਨ ਵਾਲੇ ਵਿਰੁੱਧ ਕੇਸ ਦਰਜ
ਸਮਾਜਵਾਦੀ ਪਾਰਟੀ (ਸਪਾ) ਵਿੱਚੋਂ ਹਾਲ ਹੀ ’ਚ ਬਰਖਾਸਤ ਕੀਤੀ ਗਈ ਵਿਧਾਇਕਾ ਪੂਜਾ ਪਾਲ ਖ਼ਿਲਾਫ਼ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ ਹੇਠ ਇੱਕ ‘ਐਕਸ’ ਅਕਾਊਂਟ ਹੋਲਡਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਐਕਸ ਅਕਾਊਂਟ ਹੋਲਡਰ, ਜਿਸ ਦੀ ਪਛਾਣ ਉਮੇਸ਼ ਯਾਦਵ ਵਜੋਂ ਹੋਈ ਹੈ, ਵੱਲੋਂ ਕੀਤੀ ਟਿੱਪਣੀ ਕਾਰਨ ਵਿਧਾਇਕਾ ਦੇ ਸਮਰਥਕਾਂ ਤੇ ਪਾਲ ਭਾਈਚਾਰੇ ਦੇ ਮੈਂਬਰਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ। ਪੁਲੀਸ ਮੁਤਾਬਕ ਕੌਸ਼ਾਂਬੀ ਜ਼ਿਲ੍ਹੇ ’ਚ ਚਾਇਲ ਵਿਧਾਨ ਸਭਾ ਹਲਕੇ ਤੋਂ ਸੰਤੋਸ਼ ਕੁਮਾਰ ਪਾਲ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਚਾਇਲ ਤੋਂ ਵਿਧਾਇਕਾ ਖ਼ਿਲਾਫ਼ ਅਸ਼ਲੀਲ ਤੇ ਅਪਮਾਨਜਨਕ ਟਿੱਪਣੀਆਂ ਕਾਰਨ ਉਨ੍ਹਾਂ (ਪੂਜਾ ਪਾਲ) ਦੀ ਸਾਖ ਨੂੰ ਰਾਜਨੀਤਕ ਤੇ ਸਮਾਜਿਕ ਤੌਰ ’ਤੇ ਢਾਹ ਲੱਗੀ ਹੈ। ਸਰਕਲ ਅਧਿਕਾਰੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ‘ਐਕਸ’ ਖਾਤਾਧਾਰਕ ਵਿਰੁੱਧ ਪਿਪਰੀ ਥਾਣੇ ’ਚ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।