DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਿੰਦੇ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ’ਤੇ ਕਾਮੇਡੀਅਨ ਕੁਨਾਲ ਕਾਮਰਾ ਖ਼ਿਲਾਫ਼ ਕੇਸ

* ਹੈਬੀਟੈਟ ਸਟੂਡੀਓ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਸ਼ਿਵ ਸੈਨਾ ਦੇ 12 ਵਰਕਰ ਗ੍ਰਿਫ਼ਤਾਰ * ਫੜਨਵੀਸ ਨੇ ਕਾਮਰਾ ਨੂੰ ਮੁਆਫੀ ਮੰਗਣ ਲਈ ਕਿਹਾ * ਦੋਵਾਂ ਸਦਨਾਂ ਵਿੱਚ ਮਾਮਲਾ ਗੂੰਜਿਆ ਮੁੰਬਈ, 24 ਮਾਰਚ ਮੁੰਬਈ ਪੁਲੀਸ ਨੇ ਕਾਮੇਡੀਅਨ ਕੁਨਾਲ ਕਾਮਰਾ ਵੱਲੋਂ...

  • fb
  • twitter
  • whatsapp
  • whatsapp
Advertisement

* ਹੈਬੀਟੈਟ ਸਟੂਡੀਓ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਸ਼ਿਵ ਸੈਨਾ ਦੇ 12 ਵਰਕਰ ਗ੍ਰਿਫ਼ਤਾਰ

* ਫੜਨਵੀਸ ਨੇ ਕਾਮਰਾ ਨੂੰ ਮੁਆਫੀ ਮੰਗਣ ਲਈ ਕਿਹਾ

Advertisement

* ਦੋਵਾਂ ਸਦਨਾਂ ਵਿੱਚ ਮਾਮਲਾ ਗੂੰਜਿਆ

Advertisement

ਮੁੰਬਈ, 24 ਮਾਰਚ

ਮੁੰਬਈ ਪੁਲੀਸ ਨੇ ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਉਧਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਾਮਰਾ ਨੂੰ ਉਪ ਮੁੱਖ ਮੰਤਰੀ ਸ਼ਿੰਦੇ ਦਾ ਅਪਮਾਨ ਕਰਨ ’ਤੇ ਮੁਆਫੀ ਮੰਗਣ ਲਈ ਕਿਹਾ ਹੈ। ਇਸ ਦੌਰਾਨ ਪੁਲੀਸ ਨੇ ਖਾਰ ਇਲਾਕੇ ਵਿੱਚ ਸਥਿਤ ਹੈਬੀਟੈਟ ਸਟੂਡੀਓ ਵਿੱਚ ਭੰਨਤੋੜ ਕਰਨ ਦੇ ਦੋਸ਼ ਹੇਠ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਦੇ 40 ਵਰਕਰਾਂ ਖ਼ਿਲਾਫ਼ ਕੇਸ ਦਰਜ ਕਰਕੇ 12 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਮਗਰੋਂ ਜ਼ਮਾਨਤ ਦੇ ਦਿੱਤੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸੇ ਸਟੂਡੀਓ ਵਿਚ ਕਾਮਰਾ ਦਾ ਸ਼ੋਅ ਫਿਲਮਾਇਆ ਗਿਆ ਸੀ। ਸ਼ੋਅ ਵਿੱਚ ਕਾਮਰਾ ਨੇ ਸ਼ਿੰਦੇ ਨੂੰ ਅਸਿੱਧੇ ਢੰਗ ਨਾਲ ‘ਗੱਦਾਰ’ ਕਿਹਾ ਹੈ।

ਮੁੰਬਈ ਦੇ ਇਕ ਹੋਟਲ ਦੇ ਬਾਹਰ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ

ਜ਼ਿਕਰਯੋਗ ਹੈ ਕਿ ਹੈਬੀਟੈਟ ਸਟੂਡੀਓ ਉਹੀ ਥਾਂ ਹੈ ਜਿੱਥੇ ਵਿਵਾਦਿਤ ਸ਼ੋਅ ‘ਇੰਡੀਆ’ਜ਼ ਗੌਟ ਲੇਟੈਂਟ’ ਫ਼ਿਲਮਾਇਆ ਗਿਆ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਿਵ ਸੈਨਾ ਦੇ ਵੱਡੀ ਗਿਣਤੀ ਵਰਕਰ ਹੋਟਲ ਯੂਨੀਕਾਂਟੀਨੈਂਟਲ ਦੇ ਬਾਹਰ ਇਕੱਠੇ ਹੋਏ, ਜਿੱਥੇ ਹੈਬੀਟੈਟ ਸਥਿਤ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਨੇ ਸਟੂਡੀਓ ਅਤੇ ਹੋਟਲ ਕੰਪਲੈਕਸ ਵਿੱਚ ਭੰਨਤੋੜ ਵੀ ਕੀਤੀ। ਸ਼ਿਵ ਸੈਨਾ ਵਿਧਾਇਕ ਮੂਰਜੀ ਪਟੇਲ ਨੇ ਕਿਹਾ ਕਿ ਜੇ ਕਾਮਰਾ ਦੋ ਦਿਨਾਂ ਦੇ ਅੰਦਰ ਸ਼ਿੰਦੇ ਤੋਂ ਮੁਆਫੀ ਨਹੀਂ ਮੰਗਦਾ ਤਾਂ ਪਾਰਟੀ ਵਰਕਰ ਉਸ ਨੂੰ ਸੜਕਾਂ ’ਤੇ ਘੁੰਮਣ ਨਹੀਂ ਦੇਣਗੇ। ਕਾਮਰਾ ਵੱਲੋਂ ਸ਼ਿੰਦੇ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਅੱਜ ਦੋਵਾਂ ਸਦਨਾਂ ਵਿੱਚ ਹੰਗਾਮਾ ਹੋਇਆ, ਜਿਸ ਕਾਰਨ ਕਾਰਵਾਈ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਸ਼ਿਵ ਸੈਨਾ ਦੇ ਮੈਂਬਰਾਂ ਨੇ ਕਾਮਰਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਵੱਲੋਂ ਨਾਅਰੇਬਾਜ਼ੀ ਕਰਨ ’ਤੇ ਸਪੀਕਰ ਰਾਹੁਲ ਨਾਰਵੇਕਰ ਨੇ ਕਾਰਵਾਈ ਪੰਜ ਮਿੰਟ ਲਈ ਮੁਲਤਵੀ ਕਰ ਦਿੱਤੀ। ਵਿਧਾਨ ਪਰਿਸ਼ਦ ਵਿੱਚ ਵੀ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਪਹਿਲਾਂ 10 ਮਿੰਟ, ਫਿਰ 15 ਮਿੰਟ ਅਤੇ ਇਸ ਤੋਂ ਬਾਅਦ ਅੱਧੇ ਘੰਟੇ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਕਿਹਾ ਕਿ ਕਾਮਰਾ ਦੇ ਟਿਕਾਣੇ ਦਾ ਪਤਾ ਲਾਇਆ ਜਾ ਰਿਹਾ ਹੈ ਤੇ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਅਤੇ ਸੰਵਿਧਾਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਸੂਬੇ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਰਨਾਇਕ ਨੇ ਕਿਹਾ ਕਿ ਜਿਸ ਸਟੂਡੀਓ ਵਿੱਚ ਪ੍ਰੋਗਰਾਮ ਦੀ ਸ਼ੂਟਿੰਗ ਕੀਤੀ ਗਈ, ਉਹ ਗੈਰਕਾਨੂੰਨੀ ਸੀ। -ਪੀਟੀਆਈ

ਸ਼ਿਵ ਸੈਨਾ (ਯੂਬੀਟੀ) ਵੱਲੋਂ ਕਾਮਰਾ ਦੀ ਹਮਾਇਤ

ਸ਼ਿਵ ਸੈਨਾ (ਯੂਬੀਟੀ) ਆਗੂ ਆਦਿਤਿਆ ਠਾਕਰੇ ਨੇ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਕੀਤੀ ਗਈ ਭੰਨਤੋੜ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, ‘ਹਾਲ ਹੀ ਵਿੱਚ ਇਕ ਪੌਡਕਾਸਟ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਆਲੋਚਨਾ ਲੋਕਤੰਤਰ ਦਾ ਜ਼ਰੂਰੀ ਹਿੱਸਾ ਹੈ। ਹਾਲਾਂਕਿ ਭਾਜਪਾ ਦੇ ਸੱਤਾਧਾਰੀ ਗੱਠਜੋੜ ਭਾਈਵਾਲ ਦਾ ਵਿਹਾਰ ਮੋਦੀ ਦੇ ਬਿਆਨ ਦੇ ਬਿਲਕੁਲ ਉਲਟ ਹੈ।’ ਵਿਧਾਨ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਆਗੂ ਊਧਵ ਠਾਕਰੇ ਨੇ ਕਿਹਾ ਕਿ ਕਾਮਰਾ ਨੇ ਕੁਝ ਵੀ ਗਲਤ ਨਹੀਂ ਕੀਤਾ। ‘ਆਪ’ ਦੀ ਮੁੰਬਈ ਇਕਾਈ ਦੀ ਪ੍ਰਧਾਨ ਪ੍ਰੀਤੀ ਸ਼ਰਮਾ ਮੈਨਨ ਨੇ ਕਾਮਰਾ ਦੀ ਹਮਾਇਤ ਕੀਤੀ ਹੈ। ਕਾਂਗਰਸ ਆਗੂ ਸਚਿਤ ਸਾਵੰਤ ਨੇ ਕਿਹਾ ਕਿ ਪੁਲੀਸ ਨੂੰ ਉਨ੍ਹਾਂ ਸ਼ਬਦਾਂ ਦੀ ਸੂਚੀ ਪ੍ਰਕਾਸ਼ਿਤ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਵਰਤੋਂ ਸਰਕਾਰ ਦੀ ਆਲੋਚਨਾ ਕਰਦੇ ਸਮੇਂ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਹੈਬੀਟੈਟ ਸਟੂਡੀਓ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਹਾਲ ਦੀ ਘੜੀ ਸਟੂਡੀਓ ਬੰਦ ਕਰ ਰਹੇ ਹਨ।

ਨਗਰ ਨਿਗਮ ਨੇ ਹੈਬੀਟੈਟ ਸਟੂਡੀਓ ਢਾਹਿਆ

ਮੁੰਬਈ:

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਵਿਵਾਦਤ ਟਿੱਪਣੀ ਕਰਨ ਵਾਲੇ ਕਾਮੇਡੀਅਨ ਕੁਨਾਲ ਕਾਮਰਾ ਨੇ ਖਾਰ ਇਲਾਕੇ ਦੇ ਜਿਸ ਹੈਬੀਟੈਟ ਸਟੂਡੀਓ ਵਿੱਚ ਇਹ ਪ੍ਰੋਗਰਾਮ ਫਿਲਮਾਇਆ ਸੀ, ਉਸ ਨੂੰ ਅੱਜ ਮੁੰਬਈ ਨਗਰ ਨਿਗਮ ਨੇ ਗੈਰਕਾਨੂੰਨੀ ਆਖ ਕੇ ਢਾਹ ਦਿੱਤਾ ਹੈ। ਬੀਤੀ ਦੇਰ ਰਾਤ ਗੁੱਸੇ ਵਿੱਚ ਆਏ ਸ਼ਿਵ ਸੈਨਿਕਾਂ ਨੇ ਇਸ ਸਟੂਡੀਓ ਅਤੇ ਯੂਨੀਕਾਂਟੀਨੈਂਟਲ ਹੋਟਲ ਵਿੱਚ ਭੰਨਤੋੜ ਕੀਤੀ ਸੀ। ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਹੋਟਲ ਦੇ ਬੇਸਮੈਂਟ ਵਿੱਚ ਸਥਾਪਤ ਅਸਥਾਈ ਸਟੂਡੀਓ ਨਾਲ ਜੁੜੇ ਢਾਂਚੇ ਢਾਹ ਦਿੱਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਬੇਸਮੈਂਟ ਵਿੱਚ ਸਟੂਡੀਓ ਬਣਾਉਣ ਦੀ ਇਜਾਜ਼ਤ ਨਾ ਲੈਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। -ਪੀਟੀਆਈ

Advertisement
×