ਲਾਲ ਕਿਲੇ ਨੇੜੇ ਕਾਰ ਧਮਾਕਾ; 8 ਹਲਾਕ
24 ਜਣੇ ਜ਼ਖ਼ਮੀ; ਕਈ ਵਾਹਨ ਸਡ਼ੇ; ਐੱਨ ਆਈ ਏ ਮੌਕੇ ’ਤੇ ਪੁੱਜੀ; ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਘਟਨਾ ਦੀ ਜਾਣਕਾਰੀ ਲਈ; ਦਿੱਲੀ ਸਣੇ ਪੰਜਾਬ ਤੇ ਹਰਿਆਣਾ ਵਿੱਚ ਰੈੱਡ ਅਲਰਟ
ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਅੱਜ ਸ਼ਾਮ ਇੱਕ ਕਾਰ ’ਚ ਹੋਏ ਭਿਆਨਕ ਧਮਾਕੇ ’ਚ ਘੱਟ ਤੋਂ ਘੱਟ 8 ਜਣੇ ਮਾਰੇ ਗਏ ਤੇ 24 ਜ਼ਖ਼ਮੀ ਹੋ ਗਏ। ਧਮਾਕੇ ਕਾਰਨ ਕਈ ਵਾਹਨ ਵੀ ਸੜ ਗਏ ਸਨ। ਜਿਸ ਸਮੇਂ ਧਮਾਕਾ ਹੋਇਆ ਤਾਂ ਇਸ ਇਲਾਕੇ ’ਚ ਵੱਡੀ ਭੀੜ ਸੀ। ਜ਼ਖ਼ਮੀਆਂ ਨੂੰ ਤੁਰੰਤ ਐੱਲ ਐੱਨ ਜੇ ਪੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦਿੱਲੀ ਪੁਲੀਸ ਦੇ ਕਮਿਸ਼ਨਰ ਸਤੀਸ਼ ਗੋਲਚਾ ਨੇ ਦੱਸਿਆ ਕਿ ਧਮਾਕਾ ਹੌਲੀ-ਹੌਲੀ ਚੱਲ ਰਹੀ ਹੁੰਦਈ ਆਈ-20 ਕਾਰ ’ਚ ਹੋਇਆ ਜਿਸ ’ਚ ਤਿੰਨ ਵਿਅਕਤੀ ਬੈਠੇ ਹੋਏ ਹਨ। ਜ਼ਖ਼ਮੀਆਂ ਦੇ ਸਰੀਰ ’ਚੋਂ ਕੋਈ ਛੱਰਾ ਨਹੀਂ ਮਿਲਿਆ ਜੋ ਕਿ ਬੰਬ ਧਮਾਕੇ ’ਚ ਆਮ ਗੱਲ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਕਾਰ ਹਰਿਆਣਾ ਨੰਬਰ ਦੀ ਸੀ ਤੇ ਨਦੀਮ ਖਾਨ ਨਾਂ ’ਤੇ ਰਜਿਸਟਰਡ ਸੀ। ਚਾਂਦਨੀ ਚੌਕ ਟਰੇਡਰਜ਼ ਐਸੋਸੀਏਸ਼ਨ ਨੇ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ। ਧਮਾਕੇ ਮਗਰੋਂ ਦਿੱਲੀ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਕਿਹਾ ਕਿ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਭੇਜੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 7.29 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਧਮਾਕੇ ਕਾਰਨ ਛੇ ਕਾਰਾਂ, ਦੋ ਈ-ਰਿਕਸ਼ਾ ਤੇ ਇਕ ਆਟੋ ਰਿਕਸ਼ਾ ਸੜ ਕੇ ਸੁਆਹ ਹੋ ਗਏ ਹਨ। ਐੱਨ ਆਈ ਏ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਈ ਮੀਟਰ ਦੂਰ ਤੱਕ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਦੀ ਆਵਾਜ਼ ਕੁਝ ਕਿਲੋਮੀਟਰ ਦੂਰ ਆਈ ਟੀ ਓ ਤੱਕ ਸੁਣੀ ਗਈ। ਦਿੱਲੀ ਫਾਇਰ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਇਹ ਧਮਾਕਾ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਖੜ੍ਹੀ ਕਾਰ ’ਚ ਹੋਇਆ।’’ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਨੇ ਦਿੱਲੀ ਪੁਲੀਸ ਦੇ ਮੁਖੀ ਅਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ। ਕਾਂਗਰਸ ਨੇ ਘਟਨਾ ਦੀ ਜਾਂਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤ ਬੈਨਰਜੀ ਨੇ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ। ਬੰਬ ਧਮਾਕੇ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਕਸ਼ਮੀਰ, ਹਰਿਆਣਾ, ਯੂ ਪੀ ’ਚ ਅਤਿਵਾਦੀ ਮੌਡਿਊਲ ਬੇਨਕਾਬ
ਸ੍ਰੀਨਗਰ/ਫ਼ਰੀਦਾਬਾਦ (ਪੀਟੀਆਈ/ਕੁਲਵਿੰਦਰ ਕੌਰ ਦਿਓਲ): ਜੰਮੂ ਕਸ਼ਮੀਰ ਤੇ ਹਰਿਆਣਾ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਜੈਸ਼-ਏ-ਮੁਹੰਮਦ ਅਤੇ ਅਨਸਾਰ ਗ਼ਜ਼ਵਤ-ਉਲ-ਹਿੰਦ ਨਾਲ ਜੁੜੇ ਅਤੇ ਕਸ਼ਮੀਰ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੱਕ ਫੈਲੇ ਅਤਿਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਕਾਰਵਾਈ ਤਹਿਤ ਤਿੰਨ ਡਾਕਟਰਾਂ ਸਣੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 2900 ਕਿੱਲੋ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ ਹੈ। 15 ਦਿਨਾਂ ਦੀ ਕਾਰਵਾਈ ਤੋਂ ਬਾਅਦ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਫ਼ਰੀਦਾਬਾਦ ਤੋਂ ਕਸ਼ਮੀਰੀ ਡਾਕਟਰ ਮੁਜ਼ੱਮਿਲ ਗਨਈ ਅਤੇ ਲਖਨਊ ਦੀ ਡਾ. ਸ਼ਾਹੀਨ ਸ਼ਾਮਲ ਹਨ ਜਿਨ੍ਹਾਂ ਨੂੰ ਪੁੱਛ-ਪੜਤਾਲ ਲਈ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਲਿਆਂਦਾ ਗਿਆ। ਡਾ. ਸ਼ਾਹੀਨ ਦੀ ਕਾਰ ਵਿੱਚੋਂ ਏਕੇ-47 ਰਾਈਫਲ ਵੀ ਬਰਾਮਦ ਹੋਈ ਹੈ।
ਬਰਾਮਦ ਕੀਤੀ ਧਮਾਕਾਖੇਜ਼ ਸਮੱਗਰੀ ਵਿੱਚ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ ਸ਼ਾਮਲ ਹਨ। ਜੰਮੂ ਕਸ਼ਮੀਰ ਪੁਲੀਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚੋਂ 360 ਕਿੱਲੋ ਧਮਾਕਾਖੇਜ਼ ਸਮੱਗਰੀ ਅਤੇ ਕੁਝ ਹਥਿਆਰ ਤੇ ਗੋਲਾ ਬਾਰੂਦ ਗਨਈ ਦੀ ਫ਼ਰੀਦਾਬਾਦ ਵਿੱਚ ਕਿਰਾਏ ’ਤੇ ਲਈ ਰਿਹਾਇਸ਼ ’ਚੋਂ ਬਰਾਮਦ ਕੀਤੀ ਗਈ ਹੈ। ਇਹ ਸਮੱਗਰੀ ਅਮੋਨੀਅਮ ਨਾਈਟ੍ਰੇਟ ਹੋਣ ਦਾ ਸ਼ੱਕ ਹੈ। ਗਨਈ ਜੋ ਕੌਮੀ ਰਾਜਧਾਨੀ ਦੇ ਨਾਲ ਲੱਗਦੇ ਹਰਿਆਣਾ ਦੇ ਕਸਬੇ ’ਚ ਸਥਿਤ ਅਲ-ਫਲਾਹ ਯੂਨੀਵਰਸਿਟੀ ਵਿੱਚ ਅਧਿਆਪਕ ਹੈ, ਨੂੰ ਜੰਮੂ ਕਸ਼ਮੀਰ ਪੁਲੀਸ ਵੱਲੋਂ ਸ੍ਰੀਨਗਰ ਵਿੱਚ ਜੈਸ਼-ਏ-ਮੁਹੰਮਦ ਦੇ ਸਮਰਥਨ ਵਾਲੇ ਪੋਸਟਰ ਲਗਾਉਣ ਦੇ ਕੇਸ ਵਿੱਚ ਲੋੜੀਂਦੇ ਸ਼ਖ਼ਸ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਅੱਠਾਂ ਮੁਲਜ਼ਮਾਂ ਵਿੱਚੋਂ ਸੱਤ ਕਸ਼ਮੀਰ ਤੋਂ ਹਨ। ਸ੍ਰੀਨਗਰ ਦੇ ਨੌਗਾਮ ਤੋਂ ਆਰਿਫ਼ ਨਿਸਾਰ ਡਾਰ ਉਰਫ਼ ਸਾਹਿਲ, ਯਾਸਿਰ-ਉਲ-ਅਸ਼ਰਫ਼ ਤੇ ਮਕਸੂਦ ਅਹਿਮਦ ਡਾਰ ਉਰਫ਼ ਸ਼ਾਹਿਦ, ਸ਼ੋਪੀਆਂ ਤੋਂ ਮੌਲਵੀ ਇਰਫਾਨ ਅਹਿਮਦ, ਗਾਂਦਰਬਲ ਦੇ ਵਾਕੁਰਾ ਖੇਤਰ ਤੋਂ ਜ਼ਮੀਰ ਅਹਿਮਦ ਅਹੰਗਰ ਉਰਫ਼ ਮੁਤਲਾਸ਼ਾ, ਪੁਲਵਾਮਾ ਦੇ ਕੋਇਲ ਖੇਤਰ ਤੋਂ ਡਾ. ਮੁਜ਼ੱਮਿਲ ਅਹਿਮਦ ਗਨਈ ਉਰਫ਼ ਮੁਸੈਬ ਅਤੇ ਕੁਲਗਾਮ ਦੇ ਵਾਨਪੋਰਾ ਖੇਤਰ ਤੋਂ ਡਾ. ਅਦੀਲ ਅਤੇ ਲਖਨਊ ਵਿੱਚ ਡਾ. ਸ਼ਾਹੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

