DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਿਆਈ ਮੀਡੀਆ ਨੇ ਮੋਦੀ ਨੂੰ ਜੀ-7 ਲਈ ਸੱਦਾ ਦੇਣ ਨੂੰ ਗ਼ੈਰਵਾਜਬ ਦੱਸਿਆ

ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਘੜੇ ਜਾਣ ਦੇ ਦੋਸ਼ਾਂ ਦਾ ਦਿੱਤਾ ਹਵਾਲਾ
  • fb
  • twitter
  • whatsapp
  • whatsapp
Advertisement
ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 8 ਜੂਨ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ 15 ਜੂਨ ਤੋਂ ਸ਼ੁਰੂ ਹੋਣ ਵਾਲੇ ਜੀ-7 ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤੇ ਜਾਣ ਨੂੰ ਕੈਨੇਡਾ ਦੇ ਮੀਡੀਆ ਅਦਾਰਿਆਂ ਨੇ ਕਾਹਲੀ ਵਿੱਚ ਚੁੱਕਿਆ ਗੈਰਵਾਜਬ ਕਦਮ ਦੱਸਿਆ ਹੈ।

Advertisement

ਕੈਨੇਡਾ ਦੀ ‘ਗਲੋਬ ਐਂਡ ਮੇਲ’ ਅਖ਼ਬਾਰ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਆਉਣ ਦਾ ਸੱਦਾ ਇਸ ਗੱਲ ਦਾ ਸੰਕੇਤ ਹੈ ਕਿ ਵਿਦੇਸ਼ੀ ਤਾਕਤਾਂ ਬਿਨਾਂ ਕਿਸੇ ਸਜ਼ਾ ਦੇ ਡਰ ਤੋਂ ਇੱਥੇ ਪ੍ਰਭਾਵਿਤ ਹੋ ਸਕਦੀਆਂ ਹਨ। ਅਖ਼ਬਾਰ ਨੇ ਕੈਨੇਡਾ ਦੀ ਕੇਂਦਰੀ ਪੁਲੀਸ ਦੀ ਰਿਪੋਰਟ ਦੇ ਹਵਾਲੇ ਨਾਲ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤੀ ਏਜੰਟਾਂ ’ਤੇ ਸਰੀ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਦਾ ਹਵਾਲਾ ਦਿੱਤਾ ਹੈ। ਦੂਜੇ ਪਾਸੇ ਭਾਰਤ ਨਾਲ ਸੁਲ੍ਹਾ-ਸਫ਼ਾਈ ਦੀ ਵਕਾਲਤ ਕਰਦੇ ਲੋਕਾਂ ਨੇ ਇਸ ਸੱਦੇ ਨੂੰ ਦੋਹਾਂ ਦੇਸ਼ਾਂ ਲਈ ਲਾਹੇਵੰਦ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਸ਼ੇਸ਼ ਖਣਿਜਾਂ ਦੀ ਸਪਲਾਈ ਚੇਨ ਦੀ ਮਜ਼ਬੂਤੀ ਲਈ ਵੱਡੇ ਦੇਸ਼ਾਂ ਦੇ ਮੇਲ-ਜੋਲ ਵਿੱਚ ਭਾਰਤ ਦੀ ਸ਼ਮੂਲੀਅਤ ਜ਼ਰੂਰੀ ਸੀ। ਉਹ ਕੈਨੇਡਾ ਰਹਿੰਦੇ ਭਾਰਤੀ ਮੂਲ ਦੇ ਲੱਖਾਂ ਲੋਕਾਂ ਦਾ ਹਵਾਲਾ ਦਿੰਦਿਆਂ ਮੰਨਦੇ ਹਨ ਕਿ ਚੰਗੇ ਦੁਵੱਲੇ ਸਬੰਧ ਦੋਵਾਂ ਦੇਸ਼ਾਂ ਦੀ ਆਰਥਿਕਤਾ ਦੇ ਨਾਲ ਨਾਲ ਕੈਨੇਡਾ ਰਹਿੰਦੇ ਭਾਰਤੀਆਂ ਲਈ ਵੀ ਜ਼ਰੂਰੀ ਹਨ। ਜ਼ਿਕਰਯੋਗ ਹੈ ਕਿ ਜੀ-7 ਅਮਰੀਕਾ, ਕੈਨੇਡਾ, ਯੂਕੇ, ਇਟਲੀ, ਜਪਾਨ, ਜਰਮਨੀ ਤੇ ਫਰਾਂਸ ਦਾ ਗਰੁੱਪ ਹੈ। ਉਕਤ ਦੇਸ਼ਾਂ ਤੋਂ ਇਲਾਵਾ ਸੰਮੇਲਨ ਵਿੱਚ ਵੱਡੇ ਅਰਥਚਾਰਿਆਂ ਵਾਲੇ ਦੇਸ਼ਾਂ ਦੇ ਮੁਖੀਆਂ ਨੂੰ ਅਕਸਰ ਸੱਦਾ ਦਿੱਤਾ ਜਾਂਦਾ ਹੈ। ਇਸ ਵਾਰ ਇਹ ਸੰਮੇਲਨ 15 ਤੋਂ 17 ਜੂਨ ਤੱਕ ਕੈਨੇਡਾ ’ਚ ਹੋ ਰਿਹਾ ਹੈ।

ਕਾਰਨੀ ਵੱਲੋਂ ਸੱਦਾ ਭਵਿੱਖੀ ਸਾਂਝ ਵੱਲ ਪਹਿਲਾ ਕਦਮ ਕਰਾਰ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸੱਦੇ ਨੂੰ ਆਲਮੀ ਆਰਥਿਕਤਾ ਦੇ ਭਾਈਚਾਰਿਆਂ ਦੀ ਸ਼ਾਂਤੀ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ, ਵਿਦੇਸ਼ੀ ਦਖਲ ਦਾ ਵਿਰੋਧ ਕਰਨ, ਕੌਮਾਂਤਰੀ ਅਪਰਾਧ ਨੂੰ ਠੱਲ੍ਹ ਪਾਉਣ ਸਮੇਤ ਭਵਿੱਖ ਦੀਆਂ ਸਾਂਝਾਂ ਵੱਲ ਪੁੱਟਿਆ ਪਹਿਲਾ ਕਦਮ ਕਿਹਾ ਹੈ।

ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਅਬਾਦੀ ਪੱਖੋਂ ਸਭ ਤੋਂ ਵੱਡੇ ਦੇਸ਼ (ਭਾਰਤ) ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ, ਉਥੋਂ ਦੇ ਪ੍ਰਧਾਨ ਮੰਤਰੀ ਦੀ ਸੰਮੇਲਨ ਵਿੱਚ ਹਾਜ਼ਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਆਲਮੀ ਚਰਚਾਵਾਂ ਮੌਕੇ ਵੱਡੇ ਅਰਥਚਾਰੇ ਵਾਲੇ ਦੇਸ਼ਾਂ ਦੇ ਆਗੂਆਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ। ਇਸ ਲਈ ਭਾਰਤ ਨੂੰ ਇਸ ਤੋਂ ਵਿਰਵੇ ਰੱਖਣਾ ਸਿਆਣਪ ਨਹੀਂ ਸੀ।

Advertisement
×