Canada News - Komagata Maru: ਯਕੀਨੀ ਬਣਾਵਾਂਗੇ ਕਿ ਕਾਮਾਗਾਟਾ ਮਾਰੂ ਜਿਹੀਆਂ ਨਾਇਨਸਾਫ਼ੀਆਂ ਮੁੜ ਨਾ ਹੋਣ: ਕਾਰਨੀ
ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ 'ਤੇ ਕੀਤੀ ਟਿੱਪਣੀ; ਭਾਰਤ-ਕੈਨੇਡਾ ਸਬੰਧ ਸੁਧਰਨ ਦੀ ਆਸ ਜਾਗੀ
ਸੁਰਿੰਦਰ ਮਾਵੀ
ਵਿਨੀਪੈਗ, 25 ਮਈ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney, Prime Minister of Canada) ਨੇ ਕਾਮਾਗਾਟਾ ਮਾਰੂ ਘਟਨਾ 'ਤੇ ਟਿੱਪਣੀ ਕੀਤੀ ਹੈ, ਜਿਸ ਵਿੱਚ 376 ਭਾਰਤੀ ਪਰਵਾਸੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਉਨ੍ਹਾਂ ਨੇ ਕਿਹਾ, "1914 ਵਿੱਚ, ਕਾਮਾਗਾਟਾ ਮਾਰੂ ਸਟੀਮ ਸ਼ਿਪ ਨੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਲੰਬੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਬੰਦਰਗਾਹ ਵਿੱਚ ਲੰਗਰ ਲਾਇਆ ਗਿਆ ਸੀ। ਜਹਾਜ਼ ਵਿਚ ਸਵਾਰ 376 ਸਿੱਖ, ਮੁਸਲਿਮ ਅਤੇ ਹਿੰਦੂ ਧਰਮਾਂ ਦੇ ਲੋਕ ਸ਼ਰਨ ਅਤੇ ਸਨਮਾਨ ਦੀ ਮੰਗ ਕਰਦੇ ਹੋਏ ਪਹੁੰਚੇ ਸਨ।’’
ਕਾਰਨੀ ਨੇ ਕਾਮਾਗਾਟਾ ਮਾਰੂ ਘਟਨਾ ਦੀ ਯਾਦ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਐਕਸ X ਉਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ, ਕੈਨੇਡੀਅਨ ਅਧਿਕਾਰੀਆਂ ਨੇ ਵਿਦੇਸ਼ੀਆਂ ਸਬੰਧੀ ਅਤੇ ਪੱਖਪਾਤੀ ਕਾਨੂੰਨਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਯਾਤਰੀਆਂ ਦੁੱਖ ਨੂੰ ਯਾਦ ਕਰਦਿਆਂ ਕਾਰਨੀ ਨੇ ਕਿਹਾ ਕਿ ਯਾਤਰੀਆਂ ਨੂੰ ਦੋ ਮਹੀਨਿਆਂ ਲਈ ਜਹਾਜ਼ ਵਿੱਚ ਕੈਦ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਖਾਣਾ, ਪਾਣੀ ਅਤੇ ਡਾਕਟਰੀ ਸਹੂਲਤਾਂ ਦੇਣ ਤੋਂ ਇਨਕਾਰ ਕੀਤਾ ਗਿਆ ਸੀ।
The Komagata Maru tragedy is a stark reminder of how Canada fell short of the values it holds dear. Let this solemn anniversary serve as a call of remembrance to ensure that such injustices are never repeated. Prime Minister Carney’s statement: https://t.co/GHxMXKZTm8
— Prime Minister of Canada (@CanadianPM) May 23, 2025
ਉਨ੍ਹਾਂ ਕਿਹਾ, "ਜਦੋਂ ਉਨ੍ਹਾਂ ਨੂੰ ਭਾਰਤ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਜਾਂ ਤਾਂ ਜੇਲ੍ਹ ਭੇਜ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ।" ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, "ਕਾਮਾਗਾਟਾ ਮਾਰੂ ਦੁਖਾਂਤ ਇਸ ਗੱਲ ਦੀ ਸਪਸ਼ਟ ਯਾਦ ਦਿਵਾਉਂਦਾ ਹੈ ਕਿ ਸਾਡੇ ਇਤਿਹਾਸ ਦੇ ਕੁਝ ਖ਼ਾਸ ਪਲਾਂ 'ਤੇ ਕੈਨੇਡਾ ਉਨ੍ਹਾਂ ਕਦਰਾਂ-ਕੀਮਤਾਂ ਤੋਂ ਕਿਵੇਂ ਵਾਂਝਾ ਰਹਿ ਗਿਆ।"
ਕਾਰਨੀ ਨੇ ਕਿਹਾ, "ਅਸੀਂ ਅਤੀਤ ਨੂੰ ਦੁਬਾਰਾ ਨਹੀਂ ਲਿਖ ਸਕਦੇ, ਪਰ ਸਾਨੂੰ ਇਸ ਦਾ ਸਾਹਮਣਾ ਕਰਨਾ ਹੋਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਤਰ੍ਹਾਂ ਦੀਆਂ ਬੇਇਨਸਾਫ਼ੀਆਂ ਕਦੇ ਨਾ ਦੁਹਰਾਈਆਂ ਜਾਣ।'' ਉਨ੍ਹਾਂ ਕਿਹਾ, "ਆਓ ਅਸੀਂ ਇੱਕ ਅਜਿਹਾ ਭਵਿੱਖ ਬਣਾਈਏ ਜਿੱਥੇ ਸ਼ਮੂਲੀਅਤ ਇਕ ਨਾਅਰਾ ਨਾ ਹੋ ਕੇ ਇੱਕ ਹਕੀਕਤ ਬਣ ਜਾਵੇ।"
ਗ਼ੌਰਤਲਬ ਹੈ ਕਿ ਇਸ ਦੌਰਾਨ ਕੈਨੇਡਾ ਅਤੇ ਭਾਰਤ ਵਿਚਲੇ ਰਿਸ਼ਤੇ ਸੁਧਰਨ ਦੀ ਆਸ ਜਾਗੀ ਹੈ। ਹਾਲ ਹੀ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਬਿਆਨ ਵਿਚ ਇਸ ਸਬੰਧੀ ਸੰਕੇਤ ਦਿਸੇ ਹਨ। 110 ਸਾਲ ਤੋਂ ਵੱਧ ਪੁਰਾਣੀ ਕਾਮਾਗਾਟਾ ਮਾਰੂ ਘਟਨਾ 'ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿਚ ਭਾਰਤ-ਕੈਨੇਡਾ ਸਬੰਧਾਂ ਵਿਚ ਭਾਰੀ ਖਟਾਸ ਆ ਗਈ ਸੀ। ਹੁਣ ਕਾਰਨੀ ਨੇ ਇਸ ਪਾਸੇ ਸੁਧਾਰ ਦੀ ਉਮਦ ਜਗਾਈ ਹੈ।