ਕੈਨੇਡਾ: ਸਟੋਨੀ ਝੀਲ ’ਚ ਡੁੱਬੇ ਦੋ ਭਾਰਤੀਆਂ ਦੀਆਂ ਲਾਸ਼ਾਂ ਬਰਾਮਦ
ਓਂਟਾਰੀਓ ਦੇ ਪੀਟਰਬਰੋ ਨੇੜੇ ਸਟੋਨੀ ਝੀਲ ਵਿੱਚ ਡੁੱਬਣ ਵਾਲੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਸੋਮਵਾਰ ਸ਼ਾਮ ਨੂੰ ਬਰਾਮਦ ਹੋ ਗਈਆਂ। ਓਂਟਾਰੀਓ ਪੁਲੀਸ (ਓਪੀਪੀ) ਨੇ ਉਨ੍ਹਾਂ ਦੀ ਪਛਾਣ 26 ਅਤੇ 24 ਸਾਲ ਦੇ ਦੋ ਨੌਜਵਾਨਾਂ ਵਜੋਂ ਕੀਤੀ ਹੈ, ਜੋ ਬਰੈਂਪਟਨ ਅਤੇ ਨੇੜਲੇ ਸ਼ਹਿਰ ਕੈਲੇਡਨ ਦੇ ਰਹਿਣ ਵਾਲੇ ਸਨ। ਪੁਲੀਸ ਨੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਜਾਣਕਾਰੀ ਅਨੁਸਾਰ ਇਹ ਦੋਵੇਂ ਭਾਰਤੀ ਨਾਗਰਿਕ ਸਨ, ਜੋ ਹਾਲ ਹੀ ਵਿੱਚ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਸਨ। ਪੁਲੀਸ ਅਨੁਸਾਰ ਇਹ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਸੀ। ਉਸ ਨੂੰ ਬਚਾਉਣ ਲਈ ਉਸ ਦੇ ਸਾਥੀ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ, ਪਰ ਉਹ ਵੀ ਪਾਣੀ ਵਿੱਚ ਵਹਿ ਗਿਆ। ਬਚਾਅ ਟੀਮਾਂ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਪਰ ਐਤਵਾਰ ਰਾਤ ਤੱਕ ਉਨ੍ਹਾਂ ਦਾ ਕੁੱਝ ਪਤਾ ਨਹੀਂ ਲੱਗਾ। ਸੋਮਵਾਰ ਦੁਬਾਰਾ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਸ਼ਾਮ ਨੂੰ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।