ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਲਈ ਅੱਜ ਸ਼ਾਮ ਚੋਣ ਪ੍ਰਚਾਰ ਬੰਦ ਹੋ ਗਿਆ। ਇਸ ਦੇ ਨਾਲ ਹੀ ਸੂਬੇ ’ਚ ਸੱਤਾ ਲਈ ਵਿਰੋਧੀ ਧਿਰਾਂ ਵਿਚਾਲੇ ਮਹੀਨੇ ਭਰ ਤੋਂ ਚੱਲ ਤਿੱਖੀ ਬਿਆਨਬਾਜ਼ੀ ਅਤੇ ਸਿਆਸੀ ਮਸ਼ਕਾਂ ਦਾ ਵੀ ਅੰਤ ਹੋ ਗਿਆ ਹੈ। ਦੂਜੇ ਗੇੜ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 14 ਨਵੰਬਰ ਨੂੰ ਆਉਣਗੇ। ਪਹਿਲੇ ਗੇੜ ਲਈ ਵੋਟਾਂ 6 ਨਵੰਬਰ ਨੂੰ ਪਈਆਂ ਸਨ ਤੇ ਇਸ ਦੌਰਾਨ ਰਿਕਾਰਡ 65 ਫੀਸਦ ਵੋਟਿੰਗ ਹੋਈ ਸੀ। ਦੂਜੇ ਗੇੜ ਤਹਿਤ 122 ਸੀਟਾਂ ’ਤੇ ਵੋਟਿੰਗ ਹੋਵੇਗੀ। ਪਹਿਲੇ ਗੇੜ ਤਹਿਤ 121 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਈਆਂ ਸਨ।
ਦੂਜੇ ਪੜਾਅ ਵਿੱਚ ਜਿਨ੍ਹਾਂ 20 ਜ਼ਿਲ੍ਹਿਆਂ ਵਿੱਚ ਵੋਟਿੰਗ ਹੋਵੇਗੀ ਉਨ੍ਹਾਂ ਵਿੱਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸੀਤਾਮੜ੍ਹੀ, ਸ਼ਿਵਹਾਰ, ਮਧੂਬਨੀ, ਸੁਪੌਲ, ਅਰਰੀਆ, ਕਿਸ਼ਨਗੰਜ, ਪੂਰਨੀਆ, ਕਟਿਹਾਰ, ਭਾਗਲਪੁਰ, ਬਾਂਕਾ, ਜਮੂਈ, ਨਵਾਦਾ, ਗਯਾ, ਔਰੰਗਾਬਾਦ, ਜਹਾਨਾਬਾਦ, ਅਰਵਾਲ, ਕੈਮੂਰ ਤੇ ਰੋਹਤਾਸ ਸ਼ਾਮਲ ਹਨ। ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਦੂਜੇ ਪੜਾਅ ਵਿੱਚ ਵੀ ਰਿਕਾਰਡ ਵੋਟਾਂ ਪੈਣ ਦੀ ਆਸ ਹੈ। ਪਹਿਲੇ ਗੇੜ ਵਿਚ ਪੁਰਸ਼ਾਂ ਮੁਕਾਬਲੇ ਔਰਤਾਂ ਨੇ ਵੱਧ ਵੋਟ ਪਾਈ ਸੀ।
ਦੂਜੇ ਗੇੜ ਵਿੱਚ ਮਹਾਗਠਜੋੜ ਦੇ ਸੀਨੀਅਰ ਆਰ ਜੇ ਡੀ ਆਗੂ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਉਦੈ ਨਾਰਾਇਣ ਚੌਧਰੀ, ਸੂਬਾ ਕਾਂਗਰਸ ਪ੍ਰਧਾਨ ਰਾਜੇਸ਼ ਰਾਮ, ਕਟਿਹਾਰ ਦੇ ਕਡਵਾ ਹਲਕੇ ਤੋਂ ਕਾਂਗਰਸ ਵਿਧਾਇਕ ਦਲ ਦੇ ਨੇਤਾ ਸ਼ਕੀਲ ਅਹਿਮਦ ਖਾਨ ਅਤੇ ਸੀ ਪੀ ਆਈ (ਐੱਮ ਐੱਲ) ਵਿਧਾਇਕ ਦਲ ਦੇ ਨੇਤਾ ਮਹਿਬੂਬ ਆਲਮ ਚੋਣ ਲੜ ਰਹੇ ਹਨ। ਇਸ ਦੌਰਾਨ ਐੱਨ ਡੀ ਏ ’ਚ ਅਹਿਮ ਭਾਈਵਾਲ ਭਾਜਪਾ ਦੇ 53 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਪਹਿਲੇ ਗੇੜ ਵਿੱਚ 48 ਭਾਜਪਾ ਉਮੀਦਵਾਰਾਂ ਦੀ ਕਿਸਮਤ ਪਹਿਲਾਂ ਹੀ ਈ ਵੀ ਐੱਮ ਵਿੱਚ ਬੰਦ ਹੋ ਚੁੱਕੀ ਹੈ। ਦੂਜੇ ਗੇੜ ਵਿੱਚ ਜਨਤਾ ਦਲ (ਯੂ) ਦੇ 44, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ 15, ਰਾਸ਼ਟਰੀ ਲੋਕ ਮੋਰਚਾ (ਆਰ ਐੱਲ ਐੱਮ) ਦੇ ਚਾਰ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐੱਚ ਏ ਐੱਮ) ਦੇ ਛੇ ਉਮੀਦਵਾਰ ਵੀ ਮੈਦਾਨ ਵਿੱਚ ਹਨ। ਐੱਨ ਡੀ ਏ ਦੇ ਸਟਾਰ ਪ੍ਰਚਾਰਕਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਨਿਤੀਸ਼ ਕੁਮਾਰ, ਭਾਜਪਾ ਪ੍ਰਧਾਨ ਜੇ ਪੀ ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਭਾਜਪਾ ਦੇ ਬਿਹਾਰ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਅਤੇ ਜੀਤਨ ਰਾਮ ਮਾਂਝੀ ਸ਼ਾਮਲ ਸਨ। ਮਹਾਗਠਜੋੜ ਵੱਲੋਂ ਚੋਣ ਪ੍ਰਚਾਰ ਦੀ ਕਮਾਨ ਆਰ ਜੇ ਡੀ ਆਗੂ ਤੇਜਸਵੀ ਯਾਦਵ, ਕਾਂਗਰਸ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਵੀ ਆਈ ਪੀ ਮੁਖੀ ਮੁਕੇਸ਼ ਸਾਹਨੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਸੰਭਾਲੀ। ਚੋਣਾਂ ਦੇ ਦੂਜੇ ਗੇੜ ਕੁੱਲ 37,013,556 ਵੋਟਰ ਆਪਣੀ ਵੋਟ ਪਾਉਣਗੇ। ਇਸ ਗੇੜ ਲਈ ਕੁੱਲ 45,399 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 40,073 ਪੇਂਡੂ ਅਤੇ 5,326 ਸ਼ਹਿਰੀ ਬੂਥ ਸ਼ਾਮਲ ਹਨ।
ਦੂਜੇ ਗੇੜ ਲਈ 1302 ਉਮੀਦਵਾਰ ਮੈਦਾਨ ਵਿੱਚ
ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ 122 ਵਿਧਾਨ ਸਭਾ ਸੀਟਾਂ ’ਤੇ 1302 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ’ਚੋਂ 136 ਔਰਤਾਂ, 1165 ਪੁਰਸ਼ ਤੇ ਇੱਕ ਥਰਡ ਜੈਂਡਰ ਉਮੀਦਵਾਰ ਹੈ। ਭਾਜਪਾ ਦੇ 53, ਜੇ ਡੀ ਯੂ ਦੇ 44, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ 15, ਰਾਸ਼ਟਰੀ ਲੋਕ ਮੋਰਚਾ ਦੇ ਚਾਰ ਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਛੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਮਹਾਗੱਠਜੋੜ ’ਚੋਂ ਆਰ ਜੇ ਡੀ 72, ਕਾਂਗਰਸ 37, ਵਿਕਾਸਸ਼ੀਲ ਇਨਸਾਨ ਪਾਰਟੀ (ਵੀ ਆਈ ਪੀ) 10 ਤੇ ਹੋਰ ਸਹਿਯੋਗੀ ਪਾਰਟੀਆਂ ਪੰਜ ਸੀਟਾਂ ’ਤੇ ਚੋਣ ਲੜ ਰਹੀਆਂ ਹਨ।

