California road crash:: ਅਣਅਧਿਕਾਰਤ ਪਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇਣਾ ‘ਪਰੇਸ਼ਾਨ ਕਰਨ ਵਾਲਾ’: ਵ੍ਹਾਈਟ ਹਾਊਸ
California road crash: ਜਸ਼ਨਪ੍ਰੀਤ ਸਿੰਘ ਨੂੰ ਟਰੱਕ ਲਾਇਸੈਂਸ ਜਾਰੀ ਕਰਨ ’ਤੇ ਵੱਡੀ ਬਹਿਸ ਸ਼ੁਰੂ
California road crash: ਅਰਮੀਕਾ ਵਿੱਚ ਵਾਪਰੇ ਇੱਕ ਟਰੱਕ ਹਾਦਸੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ਸਬੰਧੀ ਵੱਡੇ ਵੱਧਰ ’ਤੇ ਬਹਿਸ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿੱਚ ਬੀਤੇ ਦਿਨੀਂ ਵਾਪਰੇ ਵੱਡੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਇਲਾਵਾ 4 ਹੋਰ ਜ਼ਖਮੀ ਹੋਏ ਅਤੇ ਅੱਠ ਗੱਡੀਆਂ ਨੁਕਸਾਨੀਆਂ ਗਈਆਂ ਸਨ।
ਅਧਿਕਾਰੀਆਂ ਨੇ ਹਾਦਸੇ ਦਾ ਕਾਰਨ ਬਣਨ ਦੇ ਦੋਸ਼ੀ ਡਰਾਈਵਰ ਦੀ ਪਛਾਣ 21 ਸਾਲਾ ਜਸ਼ਨਪ੍ਰੀਤ ਸਿੰਘ ਵਜੋਂ ਕੀਤੀ ਹੈ, ਜਿਸ ’ਤੇ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਇੱਕ ਕਮਰਸ਼ੀਅਲ ਟਰੱਕ ਚਲਾਉਣ ਦਾ ਦੋਸ਼ ਹੈ।
ਇਹ ਟੱਕਰ I-10 ਫ੍ਰੀਵੇਅ ’ਤੇ ਹੋਈ ਜਦੋਂ ਸਿੰਘ ਦੇ ਵੱਡੇ ਰਿਗ ਟਰੱਕ ਨੇ ਹੌਲੀ ਹੋ ਰਹੇ ਟਰੈਫਿਕ ਨੂੰ ਟੱਕਰ ਮਾਰ ਦਿੱਤੀ।
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਭਾਰਤ ਤੋਂ ਇੱਕ ਅਣਅਧਿਕਾਰਤ ਪਰਵਾਸੀ ਹੈ ਜੋ 2022 ਵਿੱਚ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਦੇਸ਼ ਵਿੱਚ ਛੱਡ ਦਿੱਤਾ ਗਿਆ ਸੀ। ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਏਜੰਸੀ ਨੇ ਨਸ਼ੇ ਦੀ ਹਾਲਤ ਵਿੱਚ ਭਿਆਨਕ ਗੱਡੀ ਚਲਾ ਕੇ ਗੈਰ-ਇਰਾਦਤਨ ਕਤਲ ਦੇ ਦੋਸ਼ਾਂ ਤਹਿਤ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਜ਼ਰਬੰਦੀ ਦੀ ਬੇਨਤੀ (detainer request) ਦਾਖਲ ਕੀਤੀ ਹੈ।
ਵੀਰਵਾਰ ਨੂੰ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ ਵਿੱਚ ਪ੍ਰੈਸ ਸਕੱਤਰ ਕੈਰੋਲਿਨ ਲੀਵਿਟ ਨੇ ਇਸ ਦੀ ਆਲੋਚਨਾ ਕੀਤੀ। ਉਨ੍ਹਾਂ ਰਾਜਾਂ ਵੱਲੋਂ ਅਣਅਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ (CDLs) ਜਾਰੀ ਕਰਨ ਨੂੰ ‘ਪਰੇਸ਼ਾਨ ਕਰਨ ਵਾਲਾ’ ਦੱਸਿਆ। ਉਨ੍ਹਾਂ ਪੁਸ਼ਟੀ ਕੀਤੀ ਕਿ ਕੈਲੀਫ਼ੋਰਨੀਆ ਨੇ ਸਿੰਘ ਨੂੰ ਇੱਕ CDL ਦਿੱਤਾ ਸੀ ਅਤੇ ਕਿਹਾ ਕਿ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ (DOT) ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਟਰਾਂਸਪੋਰਟੇਸ਼ਨ ਸਕੱਤਰ ਸੀਨ ਡੱਫੀ ਨੇ CDL ਬਿਨੈਕਾਰਾਂ ਲਈ ਸੰਘੀ ਅੰਗਰੇਜ਼ੀ-ਭਾਸ਼ਾ ਟੈਸਟਿੰਗ ਲੋੜਾਂ ਨੂੰ ਲਾਗੂ ਕਰਨ ਵਿੱਚ ਕੈਲੀਫ਼ੋਰਨੀਆ ਦੀ ਅਸਫ਼ਲਤਾ ਦੀ ਨਿੰਦਾ ਕੀਤੀ। ਉਸ ਨੇ ਚੇਤਾਵਨੀ ਦਿੱਤੀ ਕਿ ਜੇ ਰਾਜ ਇਸੇ ਤਰ੍ਹਾਂ ਪਾਲਣਾ ਨਹੀਂ ਕਰਦਾ ਤਾਂ ਉਹ 40 ਮਿਲੀਅਨ ਡਾਲਰ ਤੋਂ ਵੱਧ ਦੇ ਸੰਘੀ ਹਾਈਵੇ ਸੁਰੱਖਿਆ ਫੰਡਿੰਗ ਨੂੰ ਗੁਆ ਸਕਦਾ ਹੈ।
ਡੱਫੀ ਨੇ ਪਿਛਲੇ ਇੱਕ ਬਿਆਨ ਵਿੱਚ ਕਿਹਾ, ‘‘ਕੈਲੀਫ਼ੋਰਨੀਆ ਦੀ ਇਹ ਲਾਪਰਵਾਹੀ ਉਨ੍ਹਾਂ ਲੱਖਾਂ ਅਮਰੀਕੀਆਂ ਲਈ ਇੱਕ ਅਪਮਾਨ ਹੈ ਜੋ ਸਾਡੇ ਤੋਂ ਸੁਰੱਖਿਆ ਦੀ ਉਮੀਦ ਕਰਦੇ ਹਨ। ਜੇ ਰਾਜ ਇਨ੍ਹਾਂ ਮੁੱਦਿਆਂ ਨੂੰ ਠੀਕ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਅਸੀਂ ਸੰਘੀ ਫੰਡਿੰਗ ਨੂੰ ਵਾਪਸ ਲੈਣ ਤੋਂ ਝਿਜਕਾਂਗੇ ਨਹੀਂ।’’
ਇਸ ਘਟਨਾ ਨੇ ਸੇਫ ਡਰਾਈਵਰਜ਼ ਐਕਟ (SAFE Drivers Act) ਨਾਮ ਦੇ ਪ੍ਰਸਤਾਵਿਤ ਉਪਾਅ ਨੂੰ ਲੈ ਕੇ ਸਿਆਸੀ ਅਤੇ ਜਨਤਕ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਹ ਸੜਕ ਸੁਰੱਖਿਆ ਨੂੰ ਵਧਾਏਗਾ, ਜਦੋਂ ਕਿ ਆਲੋਚਕਾਂ ਦਾ ਤਰਕ ਹੈ ਕਿ ਇਹ ਪਰਵਾਸੀ ਭਾਈਚਾਰਿਆਂ ਨੂੰ ਬੇਇਨਸਾਫ਼ੀ ਨਾਲ ਨਿਸ਼ਾਨਾ ਬਣਾਉਂਦਾ ਹੈ।
ਪਰਵਾਸੀ ਵਕੀਲਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਅਜਿਹੀ ਬਿਆਨਬਾਜ਼ੀ ਨਾਲ ਦੇਸ਼ ਭਰ ਵਿੱਚ ਸਿੱਖਾਂ ਅਤੇ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਵਿਤਕਰਾ ਅਤੇ ਹਿੰਸਾ ਵਧ ਸਕਦੀ ਹੈ।
ਇਹ ਮਾਮਲਾ ਅਜੇ ਵੀ ਜਾਂਚ ਅਧੀਨ ਹੈ। ਜਸ਼ਨਪ੍ਰੀਤ ਇਸ ਸਮੇਂ ਹਿਰਾਸਤ ਵਿੱਚ ਹੈ ਅਤੇ ਉਸ ’ਤੇ ਕਈ ਸੰਗੀਨ ਅਪਰਾਧਿਕ ਦੋਸ਼ ਹਨ।
ਏਜੰਸੀਆਂ ਦੇ ਇਨਪੁਟਸ ਨਾਲ।

