ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਈਟੀਓ ਨੇ 4 ਤੋਂ 6 ਅਗਸਤ ਤੱਕ ਅਮਰੀਕਾ ਦੇ ਬੋਸਟਨ ਵਿੱਚ ਹੋਣ ਵਾਲੇ ਨੈਸ਼ਨਲ ਕਾਨਫ਼ਰੰਸ ਆਫ਼ ਸਟੇਟ ਲੈਜਿਸਲੇਚਰਜ਼ (ਐੱਨਸੀਐੱਸਐੱਲ) ਲੈਜਿਸਲੇਟਿਵ ਸੰਮੇਲਨ-2025 ਵਿੱਚ ਸ਼ਮੂਲੀਅਤ ਕਰਨ ਲਈ ਜਾਣਾ ਸੀ। ਇਸ ਤੋਂ ਪਹਿਲਾਂ ਵੀ ਵਿਦੇਸ਼ ਮੰਤਰਾਲੇ ਨੇ ਕਈ ਵਾਰ ਪੰਜਾਬ ਦੇ ਆਗੂਆਂ ਨੂੰ ਵਿਦੇਸ਼ ਦੌਰੇ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਦੇ ਬੋਸਟਨ ਵਿੱਚ ਹੋਣ ਵਾਲੇ ਤਿੰਨ ਦਿਨਾ ਉਕਤ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਇਹ ਸੰਮੇਲਨ ਦੁਨੀਆ ਭਰ ਵਿੱਚ ਵਿਧਾਨਕ ਆਗੂਆਂ, ਸਟਾਫ਼ ਮਾਹਿਰਾਂ ਤੇ ਨੀਤੀ ਘਾੜਿਆਂ ਦੇ ਸਭ ਤੋਂ ਵੱਡੇ ਸੰਮੇਲਨਾਂ ਵਿੱਚੋਂ ਇੱਕ ਹੈ। ਇਹ ਬੇਮਿਸਾਲ ਮੌਕਿਆਂ ਨਾਲ ਭਰਪੂਰ ਮਾਹੌਲ ਪ੍ਰਦਾਨ ਕਰਦਾ ਹੈ। ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਤੋਂ ਕੈਬਨਿਟ ਮੰਤਰੀ ਦੇ ਅਮਰੀਕਾ ਦੌਰੇ ਲਈ ਕੁਝ ਦਿਨ ਪਹਿਲਾਂ ਪ੍ਰਵਾਨਗੀ ਮੰਗੀ ਸੀ। ਵਿਦੇਸ਼ ਮੰਤਰਾਲੇ ਨੇ ਹੁਣ ਸੂਬਾ ਸਰਕਾਰ ਨੂੰ ਸੂਚਨਾ ਭੇਜ ਕੇ ਈਟੀਓ ਨੂੰ ਵਿਦੇਸ਼ ਦੌਰੇ ਲਈ ਰਾਜਸੀ ਪ੍ਰਵਾਨਗੀ ਨਾ ਦੇਣ ਬਾਰੇ ਜਾਣੂ ਕਰਵਾਇਆ ਹੈ। ਹਾਲਾਂਕਿ, ਵਿਦੇਸ਼ ਮੰਤਰਾਲੇ ਨੇ ਦੌਰੇ ਦੀ ਪ੍ਰਵਾਨਗੀ ਨਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਉਧਰ ਈਟੀਓ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਭਾਜਪਾ ਵਿਰੋਧੀਆਂ ਨਾਲ ਮਤਰੇਆ ਸਲੂਕ ਕਰ ਰਹੀ ਹੈ।
ਪਹਿਲਾਂ ਵੀ ਮੁੱਖ ਮੰਤਰੀ ਸਣੇ ਕਈ ਆਗੂਆਂ ਨੂੰ ਹੋਈ ਸੀ ਨਾਂਹ
ਵਿਦੇਸ਼ ਮੰਤਰਾਲਾ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਕਈ ਹੋਰਨਾਂ ਮੰਤਰੀਆਂ ਨੂੰ ਵਿਦੇਸ਼ ਜਾਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਪਿਛਲੇ ਵਰ੍ਹੇ 3 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਦੌਰੇ ਲਈ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ ਸੀ, ਜਦੋਂ ਕਿ ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਵੀ ਸੀ। ਵਿਦੇਸ਼ ਮੰਤਰਾਲਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਇੱਕ ਵਾਰ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਚੁੱਕਾ ਹੈ। ਇਸੇ ਵਰ੍ਹੇ ਮਾਰਚ ਮਹੀਨੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਰਾਜਸੀ ਪ੍ਰਵਾਨਗੀ ਦੇਣ ਤੋਂ ਵੀ ਇਨਕਾਰ ਕੀਤਾ ਗਿਆ ਸੀ। ਸਤੰਬਰ 2022 ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਯੂਰੋਪ ਦੌਰੇ ’ਤੇ ਜਾਣਾ ਚਾਹੁੰਦੇ ਸਨ, ਜਿਸ ਤਹਿਤ ਉਨ੍ਹਾਂ ਜਰਮਨੀ, ਬੈਲਜੀਅਮ ਅਤੇ ਨੈਦਰਲੈਂਡਜ਼ ਦਾ ਦੌਰਾ ਕਰਨਾ ਸੀ ਪ੍ਰੰਤੂ ਵਿਦੇਸ਼ ਮੰਤਰਾਲੇ ਨੇ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ ਸੀ।