ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਵੱਡੇ ਪੱਧਰ ’ਤੇ ਭਾਜਪਾ-ਸ਼ਾਸਿਤ ਸੂਬਿਆਂ ਵਿੱਚ ਬੰਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਖਿਲਾਫ਼ ਧੱਕੇਸ਼ਾਹੀ ਨੂੰ ਲੈ ਕੇ ਅੱਜ ਨੂੰ ਕੋਲਕਾਤਾ ਵਿਚ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਵਿਚ ਸੀਨੀਅਰ ਆਗੂ, ਸੰਸਦ ਮੈਂਬਰ ਤੇ ਪਾਰਟੀ ਵਰਕਰ ਸ਼ਾਮਲ ਹੋਏ, ਜਿਨ੍ਹਾਂ ਸੂਬੇ ਤੋਂ ਬਾਹਰ ਰਹਿੰਦੇ ਬੰਗਾਲੀਆਂ ਦੇ ਹੱਕ ਵਿੱਚ ਮਜ਼ਬੂਤੀ ਨਾਲ ਖੜ੍ਹਨ ਦਾ ਅਹਿਦ ਦੁਹਰਾਇਆ।ਤ੍ਰਿਣਮੂਲ ਕਾਂਗਰਸ ਨੇ ਆਪਣੇ ਐਕਸ ਅਕਾਊਂਟ ’ਤੇ ਇਕ ਪੋਸਟ ’ਚ ਲਿਖਿਆ, “ਭਾਜਪਾ ਦਾ ਬੰਗਾਲੀ ਪਛਾਣ ’ਤੇ ਹਮਲਾ ਹੁਣ ਲੁਕਿਆ ਨਹੀਂ ਰਿਹਾ, ਇਹ ਬੇਰਹਿਮ, ਜਾਣਬੁਝ ਕੇ ਨਫ਼ਰਤ ਨਾਲ ਭਰਪੂਰ ਹੈ। ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦੀ ਅਗਵਾਈ ਵਿੱਚ ਅੱਜ ਸੜਕਾਂ ’ਤੇ ਉੱਤਰ ਕੇ ਰੋਸ ਪ੍ਰਗਟਾਇਆ। ਇਸ ਤਰ੍ਹਾਂ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾਵੇਗਾ।’’ ਪਾਰਟੀ ਨੇ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਰਹਿੰਦੇ ਬੰਗਾਲੀਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ।ਪਾਰਟੀ ਨੇ ਦਾਅਵਾ ਕੀਤਾ ਕਿ ਡਬਲ-ਇੰਜਣ ਸਰਕਾਰਾਂ ਵਾਲੇ ਸੂਬਿਆਂ ਵਿੱਚ ਭੋਲੇ-ਭਾਲੇ ਬੰਗਾਲੀ ਪਰਵਾਸੀ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ B ਮਤੂਆਂ B ਭਾਈਚਾਰੇ ਨਾਲ ਸਬੰਧਤ 6 ਮੈਂਬਰ, ਜਿਨ੍ਹਾਂ ਵਿੱਚ ਨਾਬਾਲਗ ਵੀ ਸ਼ਾਮਲ ਹਨ, ਨੂੰ ਮਹਾਰਾਸ਼ਟਰ ਪੁਲੀਸ ਵੱਲੋਂ ਪਹਿਚਾਣ ਪੱਤਰਾਂ ਦੇ ਬਾਵਜੂਦ ਤੰਗ-ਪ੍ਰੇਸ਼ਾਨ ਕੀਤਾ ਗਿਆ।ਪਾਰਟੀ ਨੇ ਦਾਅਵਾ ਕੀਤਾ ਕਿ ਪੁਖ਼ਤਾ ਪਛਾਣ ਪੱਤਰ ਤੇ ਪ੍ਰਮਾਣਿਕ ਆਈਡੀ ਹੋਣ ਦੇ ਬਾਵਜੂਦ ਦਿੱਲੀ ਦੀ ਜੈ-ਹਿੰਦ ਕਲੋਨੀ ਵਿੱਚ ਰਹਿਣ ਵਾਲੇ ਬੰਗਾਲੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਤੇ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ।ਤ੍ਰਿਣਮੂਲ ਕਾਂਗਰਸ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਉਸ ਬਿਆਨ ਦੀ ਨਿੰਦਾ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ‘‘ਜਨਗਣਨਾ ਦਸਤਾਵੇਜ਼ਾਂ ਵਿੱਚ ਬੰਗਾਲੀ ਨੂੰ ਮਾਤ ਭਾਸ਼ਾ ਵਜੋਂ ਲਿਖਣ ਨਾਲ ਅਸਾਮ ਵਿੱਚ ਵਿਦੇਸ਼ੀਆਂ ਦੀ ਗਿਣਤੀ ਦਾ ਪਤਾ ਲੱਗ ਜਾਵੇਗਾ।’’ਤ੍ਰਿਣਮੂਲ ਕਾਂਗਰਸ ਨੇ ਆਪਣੇ ਐਕਸ ਹੈਂਡਲ ’ਤੇ ਲਿਖਿਆ, ‘‘ਬੰਗਾਲੀ ਦੁਨੀਆ ਦੀ ਸਭ ਤੋਂ ਵਧੇਰੇ ਬੋਲੀ ਜਾਣ ਵਾਲੀ ਸੱਤਵੀਂ ਭਾਸ਼ਾ ਹੈ, ਤੇ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਬੰਗਾਲੀ ਬੋਲਣ ਵਾਲੇ ਭਾਰਤੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਬੰਗਾਲੀਆਂ ਨੂੰ ‘ਗ਼ੈਰ-ਕਾਨੂੰਨੀ ਬੰਗਲਾਦੇਸ਼ੀ’ ਕਹਿਣ ’ਤੇ ਮੁੱਖ ਮੰਤਰੀ ਨੂੰ ਹਿਮੰਤ ਬਿਸਵਾ ਸਰਮਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।ਉਧਰ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਤ੍ਰਿਣਮੂਲ ਕਾਂਗਰਸ ’ਤੇ ਬੰਗਲਾਦੇਸ਼ੀ ਮੁਸਲਮਾਨਾਂ ਦੀ ਘੁਸਪੈਠ ਵਿਰੁੱਧ ਉਨ੍ਹਾਂ ਦੀ ਸਰਕਾਰ ਦੇ ਸਖ਼ਤ ਰੁਖ਼ ਨੂੰ ਬੰਗਾਲੀ ਵਿਰੋਧੀ ਵਜੋਂ ਪੇਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹ ਕਥਿਤ ਕੋਸ਼ਿਸ਼ ਗੁਆਂਢੀ ਦੇਸ਼ ਦੇ ਮੁਸਲਿਮ ਘੁਸਪੈਠੀਆਂ ਨੂੰ ਬਚਾਉਣ ਲਈ ਇੱਕ ਨਿਰਾਸ਼ਾਜਨਕ ਚਾਲ ਤੋਂ ਛੁੱਟ ਕੁਝ ਨਹੀਂ ਹੈ।ਉਨ੍ਹਾਂ ਕਿਹਾ ਕਿ ਅਸਾਮ ਮੁਸਲਸਲ ਬੰਗਲਾਦੇਸ਼ੀ ਮੁਸਲਮਾਨਾਂ ਦੀ ਘੁਸਪੈਠ ਵਿਰੁੱਧ ਜੰਗ ਲੜ ਰਿਹਾ ਹੈ ਤੇ ਤ੍ਰਿਣਮੂਲ ਕਾਂਗਰਸ ਦੀ ਇਹ ਰੈਲੀ 2026 ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਘੇਰਨ ਲਈ ਭਾਵਨਾਤਮਕ ਮੁੱਦੇ ਦੀ ਵਰਤੋਂ ਕਰਨ ਦੀ ਇੱਕ ਕੋਸ਼ਿਸ਼ ਹੈ। - ਏਐੱਨਆਈ