BSP breaking: ਬਸਪਾ ਕੋਈ ਉਪ ਚੋਣ ਨਹੀਂ ਲੜੇਗੀ: ਮਾਇਆਵਤੀ
BSP will not contest any bypolls: ਬਸਪਾ ਮੁਖੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਲਾਏ; ਚੋਣ ਕਮਿਸ਼ਨ ਵੱਲੋਂ ਸਖਤ ਕਦਮ ਚੁੱਕਣ ਤਕ ਚੋਣ ਨਾ ਲੜਨ ਦਾ ਐਲਾਨ
ਲਖਨਊ, 24 ਨਵੰਬਰ
ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ (Mayawati) ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉਦੋਂ ਤਕ ਦੇਸ਼ ਵਿੱਚ ਕੋਈ ਵੀ ਉਪ ਚੋਣ ਨਹੀਂ ਲੜੇਗੀ ਜਦੋਂ ਤੱਕ ਚੋਣ ਕਮਿਸ਼ਨ ਇਨ੍ਹਾਂ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦਾ ਭਰੋਸਾ ਨਹੀਂ ਦਿੰਦਾ।
ਬਸਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਯੂਪੀ ਵਿਧਾਨ ਸਭਾ ਦੀਆਂ ਨੌਂ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਇਹ ਆਮ ਚਰਚਾ ਰਹੀ ਕਿ ਇਨ੍ਹਾਂ ਵਿਚ ਈਵੀਐਮ ਵਿਚ ਹੇਰਫੇਰ ਕਰ ਕੇ ਵੋਟਾਂ ਪਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪਹਿਲਾਂ ਬੈਲਟ ਪੇਪਰ ਰਾਹੀਂ ਦੁਰਵਰਤੋਂ ਹੋਣ ਦੀਆਂ ਗੱਲਾਂ ਹੁੰਦੀਆਂ ਸਨ ਪਰ ਹੁਣ ਈਵੀਐਮ ਵਿੱਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ ਜਿਹੜਾ ਲੋਕਤੰਤਰ ਵਿੱਚ ਗਲਤ ਹੈ। ਹੁਣ ਮਹਾਰਾਸ਼ਟਰ ਦੇ ਚੋਣ ਨਤੀਜਿਆਂ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਇਹ ਦੇਸ਼ ਲਈ ਚਿੰਤਾਜਨਕ ਹੈ। ਇਸ ਕਰ ਕੇ ਉਨ੍ਹਾਂ ਦੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਦੇਸ਼ ਦਾ ਚੋਣ ਕਮਿਸ਼ਨ ਇਸ ਸਥਿਤੀ ਨੂੰ ਰੋਕਣ ਲਈ ਕੁਝ ਸਖਤ ਕਦਮ ਨਹੀਂ ਚੁੱਕਦਾ, ਉਦੋਂ ਤਕ ਉਨ੍ਹਾਂ ਦੀ ਪਾਰਟੀ ਕੋਈ ਵੀ ਉਪ ਚੋਣ ਨਹੀਂ ਲੜੇਗੀ।