ਬਸਪਾ ਇਕੱਲੇ ਲੜੇਗੀ ਯੂਪੀ ਵਿਧਾਨ ਸਭਾ ਚੋਣਾਂ: ਮਾਇਆਵਤੀ
ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ ਲੁਕ ਕੇ ਮਿਲਣ ਸਬੰਧੀ ਰਿਪੋਰਟਾਂ ਨਕਾਰੀਆਂ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਗੱਠਜੋੜ ਦੇ ਆਪਣੇ ਪਿਛਲੇ ਤਜਰਬਿਆਂ ਨੂੰ ਕੋਈ ਖ਼ਾਸ ਫਾਇਦੇਮੰਦ ਨਾ ਦੱਸਦੇ ਹੋਏ ਅੱਜ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਇਕੱਲੇ ਲੜੇਗੀ। ਮਾਇਆਵਤੀ ਨੇ ਬਸਪਾ ਦੇ ਸੰਸਥਾਪਕ ਕਾਂਸ਼ੀਰਾਮ ਦੇ 19ਵੇਂ ਪ੍ਰੀਨਿਰਵਾਣ ਦਿਵਸ ਮੌਕੇ ਸੂਬੇ ਦੀ ਰਾਜਧਾਨੀ ਵਿੱਚ ਕੀਤੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਵਿੱਚ ਕੀਤੇ ਗਏ ਗੱਠਜੋੜਾਂ ਨਾਲ ਸਿਰਫ਼ ਸਹਿਯੋਗੀ ਪਾਰਟੀਆਂ ਨੂੰ ਹੀ ਫਾਇਦਾ ਹੋਇਆ ਹੈ ਜਦਕਿ ਬਸਪਾ ਨੂੰ ਉਨ੍ਹਾਂ ਦੇ ਵੋਟ ਬੈਂਕ ਦਾ ਕੋਈ ਖ਼ਾਸ ਸਹਿਯੋਗ ਨਹੀਂ ਮਿਲਿਆ।
ਮਾਇਆਵਤੀ ਨੇ ਕਿਹਾ, ‘‘ਹੁਣ ਤੱਕ ਦੇ ਆਪਣੇ ਤਜਰਬੇ ਦੇ ਆਧਾਰ ’ਤੇ ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਜਦੋਂ ਵੀ ਸਾਡੀ ਪਾਰਟੀ ਨੇ ਗੱਠਜੋੜ ਵਿੱਚ ਵਿਧਾਨ ਸਭਾ ਚੋਣ ਲੜੀ ਹੈ, ਖ਼ਾਸ ਕਰ ਕੇ ਉੱਤਰ ਪ੍ਰਦੇਸ਼ ’ਚ ਤਾਂ ਸਾਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਹੋਇਆ।’’ ਉਨ੍ਹਾਂ ਕਿਹਾ, ‘‘ਸਾਡੀ ਪਾਰਟੀ ਦੀਆਂ ਵੋਟਾਂ ਤਾਂ ਗੱਠਜੋੜ ਵਾਲੀ ਪਾਰਟੀ ਨੂੰ ਇਕ ਪਾਸੜ ਤਬਦੀਲ ਹੋ ਜਾਂਦੀਆਂ ਹਨ ਪਰ ਜਾਤੀਵਾਦੀ ਮਾਨਸਿਕਤਾ ਕਰ ਕੇ, ਉੱਚੀਆਂ ਜਾਤਾਂ ਦੀਆਂ ਵੋਟਾਂ ਬਸਪਾ ਉਮੀਦਵਾਰਾਂ ਨੂੰ ਤਬਦੀਲ ਨਹੀਂ ਹੁੰਦੀਆਂ ਹਨ। ਅਸਲ ਵਿੱਚ ਇਹੀ ਹਕੀਕਤ ਵੀ ਹੈ।’’
ਬਸਪਾ ਸੁਪਰੀਮੋ ਨੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮ ਖਾਨ ਦੇ ਬਸਪਾ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਬਾਰੇ ਅੱਜ ਕਿਹਾ, ‘‘ਇਕ ਮਹੀਨੇ ਤੋਂ ਕਿਸੇ ਦੂਜੀ ਪਾਰਟੀ ਦੇ ਸੀਨੀਅਰ ਆਗੂ ਦੇ ਬਸਪਾ ਵਿੱਚ ਸ਼ਾਮਲ ਹੋਣ ਦੀ ਅਫ਼ਵਾਹ ਫੈਲੀ ਹੋਈ ਸੀ। ਇਹ ਵੀ ਕਿਹਾ ਗਿਆ ਕਿ ਉਹ ਪਹਿਲਾਂ ਹੀ ਦਿੱਲੀ ਤੇ ਲਖਨਊ ਵਿੱਚ ਬਸਪਾ ਪ੍ਰਧਾਨ ਨੂੰ ਮਿਲ ਚੁੱਕੇ ਹਨ ਪਰ ਮੈਨੂੰ ਅਜਿਹੀ ਕਿਸੇ ਮੁਲਾਕਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੈਨੂੰ ਜਦੋਂ ਵੀ ਕਿਸੇ ਨੂੰ ਮਿਲਣਾ ਹੁੰਦਾ ਹੈ ਤਾਂ ਖੁੱਲ੍ਹੇਆਮ ਮਿਲਦੀ ਹਾਂ।’’
ਵਰਕਰਾਂ ਨੂੰ ਆਕਾਸ਼ ਆਨੰਦ ਨਾਲ ਵੀ ਖੜ੍ਹੇ ਰਹਿਣ ਦੀ ਅਪੀਲ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਪਾਰਟੀ ਵਰਕਰਾਂ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਤੇ ਭਤੀਜੇ ਆਕਾਸ਼ ਆਨੰਦ ਨਾਲ ਵੀ ਹਮੇਸ਼ਾ ਖੜ੍ਹੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਕਾਸ਼ ਦੇਸ਼ ਭਰ ਵਿੱਚ ਪਾਰਟੀ ਦਾ ਆਧਾਰ ਬਣਾਉਣ ਲਈ ਪੂਰੀ ਮਸ਼ੱਕਤ ਕਰ ਰਹੇ ਹਨ, ਇਸ ਕਰ ਕੇ ਪਾਰਟੀ ਦੇ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਕਾਫੀ ਉਤਸ਼ਾਹ ਵਧਿਆ ਹੈ।’