BSP chief Mayawati expels nephew Akash Anand from party ਬਸਪਾ ਮੁਖੀ ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ’ਚੋਂ ਕੱਢਿਆ
ਲਖਨਊ, 3 ਮਾਰਚ
BSP chief Mayawati expels nephew Akash Anand from party ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਸਾਰੇ ਅਹਿਮ ਅਹੁਦਿਆਂ ਤੋਂ ਹਟਾਏ ਜਾਣ ਤੋਂ ਇਕ ਦਿਨ ਮਗਰੋਂ ਅੱਜ ਉਸ ਨੂੰ ਪਾਰਟੀ ’ਚੋਂ ਹੀ ਬਰਖਾਸਤ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਹਿੱਤਾਂ ਵਿਚ ਲਿਆ ਗਿਆ ਹੈ। ਮਾਇਆਵਤੀ ਨੇ ਕਿਹਾ ਕਿ ਐਤਵਾਰ ਨੂੰ ਕੀਤੀ ਕਾਰਵਾਈ ਨੂੰ ਲੈ ਕੇ ਆਕਾਸ਼ ਦੀ ਪ੍ਰਤੀਕਿਰਿਆ ‘ਸੁਆਰਥੀ ਤੇ ਹੰਕਾਰੀ’ ਸੀ।
ਬਸਪਾ ਦੀ ਲੰਘੇ ਦਿਨ ਹੋਈ ਬੈਠਕ ਵਿਚ ਆਕਾਸ਼ ਨੂੰ ਪਾਰਟੀ ਨਾਲ ਸਬੰਧਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ। ਆਕਾਸ਼ ’ਤੇ ਦੋਸ਼ ਸੀ ਕਿ ਉਹ ਆਪਣੇ ਸਹੁਰੇ ਅਸ਼ੋਕ ਸਿਧਾਰਥ ਦੇ ਪ੍ਰਭਾਵ ਵਿਚ ਸੀ। ਮਾਇਆਵਤੀ ਨੇ ਐਕਸ ’ਤੇ ਹਿੰਦੀ ਵਿਚ ਪਾਈ ਇਕ ਪੋਸਟ ਵਿਚ ਕਿਹਾ, ‘‘ਬੀਐੱਸਪੀ ਦੀ ਆਲ ਇੰਡੀਆ ਬੈਠਕ ਵਿਚ ਕੱਲ੍ਹ ਸ੍ਰੀ ਆਕਾਸ਼ ਆਨੰਦ ਨੂੰ ਪਾਰਟੀ ਹਿੱਤਾਂ ਤੋਂ ਵੱਧ ਪਾਰਟੀ ’ਚੋਂ ਬਰਖਾਸਤ ਕੀਤੇ ਆਪਣੇ ਸਹੁਰੇ ਸ੍ਰੀ ਅਸ਼ੋਕ ਸਿਧਾਰਥ ਦੇ ਪ੍ਰਭਾਵ ਵਿਚ ਬਣੇ ਰਹਿਣ ਕਰਕੇ ਨੈਸ਼ਨਲ ਕੋਆਰਡੀਨੇਟਰ ਸਣੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ, ਜਿਸ ਦਾ ਪਸ਼ਚਾਤਾਪ ਕਰਕੇ ਉਨ੍ਹਾਂ ਆਪਣੀ ਪਰਿਪੱਕਤਾ ਦਿਖਾਉਣੀ ਸੀ।’’
ਮਾਇਆਵਤੀ ਨੇ ਕਿਹਾ, ‘‘ਇਸ ਲਈ, ਸਭ ਤੋਂ ਵੱਧ ਸਤਿਕਾਰਯੋਗ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਅੰਦੋਲਨ ਦੇ ਸਵੈ-ਮਾਣ ਅਤੇ ਸਵੈ-ਹਿੱਤ ਵਿੱਚ ਸ੍ਰੀ ਕਾਂਸ਼ੀਰਾਮ ਜੀ ਦੇ ਅਨੁਸ਼ਾਸਨ ਦੀ ਰਵਾਇਤ ਦੀ ਪਾਲਣਾ ਕਰਦੇ ਹੋਏ, ਸ੍ਰੀ ਆਕਾਸ਼ ਆਨੰਦ ਨੂੰ, ਉਨ੍ਹਾਂ ਦੇ ਸਹੁਰੇ ਵਾਂਗ, ਪਾਰਟੀ ਅਤੇ ਅੰਦੋਲਨ ਦੇ ਹਿੱਤ ਵਿੱਚ ਪਾਰਟੀ ਵਿੱਚੋਂ ਕੱਢਿਆ ਜਾ ਰਿਹਾ ਹੈ।’’
ਚੇਤੇ ਰਹੇ ਕਿ ਸਾਬਕਾ ਮੁੱਖ ਮੰਤਰੀ ਨੇ ਪਿਛਲੇ ਸਾਲ ਆਕਾਸ਼ ਨੂੰ ਬਰਖਾਸਤ ਕਰ ਦਿੱਤਾ ਸੀ ਪਰ ਬਾਅਦ ਵਿੱਚ ਉਸ ਨੂੰ ਬਹਾਲ ਕਰ ਦਿੱਤਾ ਅਤੇ ਆਪਣਾ ਸਿਆਸੀ ਜਾਨਸ਼ੀਨ ਨਿਯੁਕਤ ਕੀਤਾ। ਬਸਪਾ ਸੁਪਰੀਮੋ ਨੇ ਐਤਵਾਰ ਨੂੰ ਆਕਾਸ਼ ਨੂੰ ਸਾਰੇ ਪਾਰਟੀ ਅਹੁਦਿਆਂ ਤੋਂ ਹਟਾ ਦਿੱਤਾ ਅਤੇ ਉਸ ਦੇ ਪਿਤਾ ਆਨੰਦ ਕੁਮਾਰ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੂੰ ਉਸ ਦੀ ਜਗ੍ਹਾ ਪਾਰਟੀ ਦਾ ਕੌਮੀ ਕੋਆਰਡੀਨੇਟਰ ਨਿਯੁਕਤ ਕੀਤਾ। ਬਸਪਾ ਮੁਖੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਜੀਵਨ ਕਾਲ ਵਿੱਚ ਕਿਸੇ ਉੱਤਰਾਧਿਕਾਰੀ ਦਾ ਨਾਮ ਨਹੀਂ ਲਵੇਗੀ। -ਪੀਟੀਆਈ