ਕਰੂਰ ਭਗਦੜ ਮਾਮਲਾ: ਸੀ ਬੀ ਆਈ ਨੇ ਸੰਭਾਲੀ ਜਾਂਚ
ਟੀ ਵੀ ਕੇ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਨੂੰ ਸੌਂਪੀ ਸੀ ਮਾਮਲੇ ਦੀ ਜਾਂਚ
ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੈ ਦੀ ਪਾਰਟੀ ਤਾਮਿਲਾਗਾ ਵੈਤਰੀ ਕਜ਼ਾਗਮ (ਟੀ ਵੀ ਕੇ) ਦੀ ਸਿਆਸੀ ਰੈਲੀ ਦੌਰਾਨ ਹੋਈ ਕਰੂਰ ਭਗਦੜ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਸੰਭਾਲ ਲਈ ਹੈ। ਇਸ ਭਗਦੜ ਵਿੱਚ 41 ਵਿਅਕਤੀ ਮਾਰੇ ਗਏ ਸਨ। ਸੀ ਬੀ ਆਈ ਦੀ ਵਿਸ਼ੇਸ਼ ਟੀਮ ਪਹਿਲਾਂ ਹੀ ਤਾਮਿਲਨਾਡੂ ਦੇ ਕਰੂਰ ਜ਼ਿਲ੍ਹੇ ਦੇ ਵੈਲੂਸਾਮੀਪੁਰਮ ਸਥਿਤ ਘਟਨਾ ਵਾਲੀ ਥਾਂ ਦਾ ਦੌਰਾ ਕਰ ਚੁੱਕੀ ਹੈ। 27 ਸਤੰਬਰ ਨੂੰ ਵਿਜੈ ਵੱਲੋਂ ਕੀਤੀ ਟੀ ਵੀ ਕੇ ਦੀ ਰੈਲੀ ਵਿੱਚ ਭਗਦੜ ਹੋਣ ਕਾਰਨ 41 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਪ੍ਰਕਿਰਿਆ ਅਨੁਸਾਰ, ਸੀ ਬੀ ਆਈ ਨੇ ਸੂਬੇ ਦੀ ਪੁਲੀਸ ਦੀ ਐੱਫ ਆਈ ਆਰ ਨੂੰ ਮੁੜ ਤੋਂ ਦਰਜ ਕਰ ਲਿਆ ਹੈ ਅਤੇ ਇਸ ਘਟਨਾਕ੍ਰਮ ਬਾਰੇ ਸਥਾਨਕ ਅਦਾਲਤ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਤਾਮਿਲਗਾ ਵੈਤਰੀ ਕਜ਼ਾਗਮ (ਟੀ ਵੀ ਕੇ) ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਇਸ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਸੀ। ਸੁਪਰੀਮ ਕੋਰਟ ਨੇ ਸੀ ਬੀ ਆਈ ਦੇ ਡਾਇਰੈਕਟਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੰਭਾਲਣ ਲਈ ਇੱਕ ਸੀਨੀਅਰ ਅਧਿਕਾਰੀ ਅਤੇ ਉਸ ਅਧਿਕਾਰੀ ਦੀ ਸਹਾਇਤਾ ਲਈ ਕੁਝ ਹੋਰ ਅਧਿਕਾਰੀਆਂ ਦੀ ਨਿਯੁਕਤੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਸੀ ਬੀ ਆਈ ਜਾਂਚ ਦੀ ਨਿਗਰਾਨੀ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਜੈ ਰਸਤੋਗੀ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰੀ ਨਿਗਰਾਨ ਕਮੇਟੀ ਵੀ ਗਠਿਤ ਕੀਤੀ ਹੈ।

