ਮੁਰੰਮਤ ਮਗਰੋਂ ਬ੍ਰਿਟਿਸ਼ ਲੜਾਕੂ ਜਹਾਜ਼ ਕੇਰਲ ਤੋਂ ਰਵਾਨਾ
ਕੇਰਲ ਵਿੱਚ ਮਹੀਨਾ ਪਹਿਲਾਂ ਤਿਰੂਵਨੰਤਪੁਰਮ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਹਾਲਾਤ ਵਿੱਚ ਉਤਾਰਿਆ ਬ੍ਰਿਟਿਸ਼ ਲੜਾਕੂ ਜਹਾਜ਼ ‘ਐੱਫ-35ਬੀ’, ਮੁਰੰਮਤ ਦਾ ਕੰਮ ਪੂਰਾ ਹੋਣ ਮਗਰੋਂ ਅੱਜ ਵਤਨ ਪਰਤ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਸਵੇਰੇ 10:50 ਵਜੇ ਆਸਟਰੇਲੀਆ ਦੇ ਡਾਰਵਿਨ ਲਈ ਰਵਾਨਾ ਹੋਇਆ।
ਬਰਤਾਨਵੀ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ, ‘‘ਬ੍ਰਿਟਿਸ਼ ਲੜਾਕੂ ਜਹਾਜ਼ ‘ਐੱਫ-35ਬੀ’, ਜਿਸ ਨੂੰ 14 ਜੂਨ ਨੂੰ ਐਮਰਜੈਂਸੀ ਹਾਲਾਤ ਵਿੱਚ ਉਤਾਰਿਆ ਗਿਆ ਸੀ, ਅੱਜ ਤਿਰੂਵਨੰਤਪੁਰਮ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ। 6 ਜੁਲਾਈ ਤੋਂ ਤਾਇਨਾਤ ਬਰਤਾਨੀਆ ਦੀ ਇੱਕ ਇੰਜਨੀਅਰਿੰਗ ਟੀਮ ਨੇ ਮੁਰੰਮਤ ਅਤੇ ਸੁਰੱਖਿਆ ਜਾਂਚ ਪੂਰੀ ਕੀਤੀ, ਜਿਸ ਕਾਰਨ ਜਹਾਜ਼ ਮੁੜ ਸਰਗਰਮ ਸੇਵਾ ਵਿੱਚ ਪਰਤ ਸਕਿਆ।’’ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਰਤਾਨੀਆ ਮੁਰੰਮਤ ਪ੍ਰਕਿਰਿਆ ਦੌਰਾਨ ਭਾਰਤੀ ਅਧਿਕਾਰੀਆਂ ਅਤੇ ਹਵਾਈ ਅੱਡੇ ਦੀ ਟੀਮ ਦੇ ਸਮਰਥਨ ਅਤੇ ਸਹਿਯੋਗ ਲਈ ਬਹੁਤ ਧੰਨਵਾਦੀ ਹੈ।
ਬੁਲਾਰੇ ਨੇ ਕਿਹਾ, ‘‘ਅਸੀਂ ਭਾਰਤ ਨਾਲ ਆਪਣੀ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਾਂ।’’ਇਹ ਜਹਾਜ਼ 14 ਜੂਨ ਨੂੰ ‘ਐੱਚਐੱਮਐੱਸ ਪ੍ਰਿੰਸ ਆਫ ਵੇਲਜ਼’ ਤੋਂ ਉਡਾਣ ਭਰਨ ਮਗਰੋਂ ਮੌਸਮ ਠੀਕ ਨਾ ਹੋਣ ਕਾਰਨ ਜੰਗੀ ਬੇੜੇ ’ਤੇ ਪਰਤ ਨਹੀਂ ਸਕਿਆ।