ਬਰਤਾਨੀਆ: ਫਲਸਤੀਨ ਦੇ ਹੱਕ ਵਿੱਚ ਮੁਜ਼ਾਹਰਾ ਕਰਦੇ 72 ਤੋਂ ਵੱਧ ਗ੍ਰਿਫ਼ਤਾਰ
ਲੰਡਨ, 13 ਜੁਲਾਈ
ਰੌਇਲ ਏਅਰ ਫੋਰਸ ਬੇਸ ’ਚ ਸੰਨ੍ਹ ਅਤੇ ਭੰਨਤੋੜ ਤੋਂ ਬਾਅਦ ਬਰਤਾਨਵੀ ਸਰਕਾਰ ਵੱਲੋਂ ਫਲਸਤੀਨ ਐਕਸ਼ਨ ਗਰੁੱਪ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਖ਼ਿਲਾਫ਼ ਬਰਤਾਨੀਆ ’ਚ ਅੱਜ ਰੋਸ ਮੁਜ਼ਾਹਰੇ ਦੌਰਾਨ 70 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਲੰਡਨ ’ਚ ਮੈਟਰੋਪੌਲੀਟਨ ਪੁਲੀਸ ਨੇ ਦੱਸਿਆ ਕਿ ਦੁਪਹਿਰ ਤੱਕ 42 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਗ੍ਰਿਫ਼ਤਾਰੀਆਂ ਇੱਕ ਪਾਬੰਦੀਸ਼ੁਦਾ ਜਥੇਬੰਦੀ ਦੀ ਹਮਾਇਤ ਕਰਨ ਦੇ ਦੋਸ਼ ਹੇਠ ਕੀਤੀਆਂ ਗਈਆਂ ਹਨ। ਪੁਲੀਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਨਾਅਰੇ ਲਾਉਣ, ਕਾਲੇ ਕੱਪੜੇ ਪਹਿਨਣ ਜਾਂ ਝੰਡੇ ਲਹਿਰਾਉਣ ਅਤੇ ਚਿੰਨ੍ਹ ਜਾਂ ਲੋਗੋ ਜਿਹੀਆਂ ਚੀਜ਼ਾਂ ਪ੍ਰਦਰਸ਼ਿਤ ਕਰਨ ਦੇ ਦੋਸ਼ ਹੇਠ ਕੀਤੀਆਂ ਗਈਆਂ ਹਨ। ਇੱਕ ਹੋਰ ਵਿਅਕਤੀ ਨੂੰ ਹਮਲੇ ਦੇ ਦੋਸ਼ ਹੇਠ ਫੜਿਆ ਗਿਆ ਹੈ। ਗਰੇਟਰ ਮੈਨਚੈਸਟਰ ਪੁਲੀਸ ਅਨੁਸਾਰ ਮੈਨਚੈਸਟਰ ’ਚ 16 ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਜਦਕਿ ਸਾਊਥ ਵੇਲਜ਼ ਪੁਲੀਸ ਨੇ ਦੱਸਿਆ ਕਿ ਕਾਰਡਿਫ ’ਚ ਵੀ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੰਡਨ ’ਚ ਇਹ ਲਗਾਤਾਰ ਦੂਜਾ ਹਫ਼ਤਾ ਸੀ ਜਦੋਂ ਮੁਜ਼ਾਹਰਾਕਾਰੀ ਫਲਸਤੀਨ ਹਮਾਇਤੀ ਕਾਰਕੁਨ ਸਮੂਹ ਦੀ ਹਮਾਇਤ ’ਚ ਇਕੱਠੇ ਹੋਏ ਸਨ। ਇਸ ਇਕੱਠ ਨੂੰ ਗ਼ੈਰਕਾਨੂੰਨੀ ਐਲਾਨੇ ਜਾਣ ਦਾ ਮਤਲਬ ਹੈ ਕਿ ਇਸ ਜਥੇਬੰਦੀ ਦੀ ਹਮਾਇਤ ਕਰਨੀ ਅਪਰਾਧ ਮੰਨਿਆ ਜਾਵੇਗਾ। ਪੁਲੀਸ ਨੇ ਪਿਛਲੇ ਹਫ਼ਤੇ ਦੇ ਅਖੀਰ ’ਚ ਅਜਿਹੇ ਹੀ ਰੋਸ ਮੁਜ਼ਾਹਰੇ ਦੇ ਦੋਸ਼ ਹੇਠ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਦੱਸਿਆ ਕਿ ਦੋ ਸਮੂਹ ਪਾਰਲੀਮੈਂਟ ਸਕੁਏਅਰ ’ਚ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਦੱਖਣੀ ਅਫਰੀਕਾ ਦੇ ਆਗੂ ਨੈਲਸਨ ਮੰਡੇਲ ਦੀਆਂ ਮੂਰਤੀਆਂ ਨੇੜੇ ਇਕੱਠੇ ਹੋਏ। ਪੁਲੀਸ ਤੇ ਮੀਡੀਆ ਕਰਮੀਆਂ ਨੇ ਮੁਜ਼ਾਹਰਾਕਾਰੀਆਂ ਨੂੰ ਘੇਰ ਲਿਆ ਜਿਨ੍ਹਾਂ ਨੇ ਫਲਸਤੀਨ ਦੀ ਹਮਾਇਤ ’ਚ ਪੋਸਟਰ ਲਹਿਰਾਏ। -ਏਪੀ