ਵੀਜ਼ਾ ਫੀਸ ਮੁਆਫ਼ ਕਰਨ ’ਤੇ ਵਿਚਾਰ ਕਰ ਰਿਹੈ ਬਰਤਾਨੀਆ
ਯੂ ਕੇ ਦੀ ਦੁਨੀਆ ਭਰ ਦੇ ਸਿਖ਼ਰਲੇ ਵਿਗਿਆਨੀਆਂ ਤੇ ਤਕਨਾਲੋਜੀ ਮਾਹਿਰਾਂ ਨੂੰ ਖਿੱਚਣ ਦੀ ਯੋਜਨਾ
ਬਰਤਾਨੀਆ ਸਰਕਾਰ ਦੁਨੀਆ ਭਰ ਦੇ ਸਿਖ਼ਰਲੇ ਵਿਗਿਆਨ ਅਤੇ ਤਕਨਾਲੋਜੀ ਮਾਹਿਰਾਂ ਨੂੰ ਦੇਸ਼ ਵਿੱਚ ਆਉਣ ਲਈ ਉਤਸ਼ਾਹਿਤ ਕਰਨ ਵਾਸਤੇ ਵੀਜ਼ਾ ਫੀਸ ਮੁਆਫ਼ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ।
ਮੀਡੀਆ ਰਿਪੋਰਟ ਅਨੁਸਾਰ ਇਸ ਕਦਮ ਦਾ ਮਕਸਦ ਬਰਤਾਨੀਆ ਨੂੰ ਵਿਸ਼ਵ ਪੱਧਰੀ ਪ੍ਰਤਿਭਾ ਲਈ ਖਿੱਚ ਦਾ ਕੇਂਦਰ ਬਣਾਉਣਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ, ਜਦੋਂ ਅਮਰੀਕਾ ਨੇ ਦੁਨੀਆ ਭਰ ਦੇ ਤਕਨੀਕੀ ਮਾਹਿਰਾਂ ਵੱਲੋਂ ਵਰਤੇ ਜਾਂਦੇ ਐੱਚ-1ਬੀ ਵੀਜ਼ਿਆਂ ’ਤੇ ਸਖ਼ਤੀ ਕੀਤੀ ਹੈ। ‘ਫਾਇਨੈਂਸ਼ੀਅਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਸ ਸਾਲ ਬਣਾਈ ਗਈ ‘ਗਲੋਬਲ ਟੈਲੈਂਟ ਟਾਸਕਫੋਰਸ’ ਭਾਰਤੀਆਂ ਸਮੇਤ ਕੌਮਾਂਤਰੀ ਮਾਹਿਰਾਂ ਨੂੰ ਬਰਤਾਨੀਆ ਵਿੱਚ ਕੰਮ ਕਰਨ ਲਈ ਬੁਲਾਉਣ ਵਾਸਤੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਰਹੀ ਹੈ।
ਇਸ ਟਾਸਕ ਫੋਰਸ ਨੂੰ 54 ਮਿਲੀਅਨ ਪਾਊਂਡ ਦਾ ਗਲੋਬਲ ਟੇਲੈਂਟ ਫੰਡ ਦਿੱਤਾ ਗਿਆ ਹੈ। ਅਖਬਾਰ ਨੇ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ‘ਅਸੀਂ ਵੀਜ਼ਾ ਲਾਗਤਾਂ ਘਟਾ ਕੇ ਸਿਫ਼ਰ ਕਰਨ ਦੇ ਵਿਚਾਰ ’ਤੇ ਗੌਰ ਕਰ ਰਹੇ ਹਾਂ। ਅਸੀਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਦੁਨੀਆ ਦੀਆਂ ਸਿਖਰਲੀਆਂ ਪੰਜ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੈ ਜਾਂ ਵੱਕਾਰੀ ਪੁਰਸਕਾਰ ਜਿੱਤੇ ਹਨ।’ ਬਰਤਾਨੀਆ ਵਿੱਚ ਮੌਜੂਦਾ ‘ਗਲੋਬਲ ਟੇਲੈਂਟ ਵੀਜ਼ਾ’ ਪ੍ਰਣਾਲੀ ਨੂੰ ਅਕਸਰ ਬਹੁਤ ਜ਼ਿਆਦਾ ਨੌਕਰਸ਼ਾਹੀ ਵਾਲਾ ਅਤੇ ਗੁੰਝਲਦਾਰ ਮੰਨਿਆ ਜਾਂਦਾ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਸਟਾਰਮਰ ਨੇ ਜੂਨ ਵਿੱਚ ਇਸ ਟਾਸਕਫੋਰਸ ਦੀ ਸ਼ੁਰੂਆਤ ਕੀਤੀ ਸੀ।