‘ਬਿੱਲ ਲਿਆਓ, ਇਨਾਮ ਪਾਓ’ ਮੁਹਿੰਮ ਸ਼ੁਰੂ
ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਰੋਕਣ ਲੲੀ ਇੱਕ ਲੱਖ ਰੁਪਏ ਦੇ ਤਿਮਾਹੀ ਬੰਪਰ ਡਰਾਅ ਦੀ ਸ਼ੁਰੂਆਤ
ਪੰਜਾਬ ਸਰਕਾਰ ਨੇ ਸੂਬੇ ਵਿੱਚ ਟੈਕਸ ਚੋਰੀ ਕਰਨ ਵਾਲਿਆਂ ’ਤੇ ਨਕੇਲ ਕੱਸਣ ਲਈ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਹੁਣ ਤਿਮਾਹੀ ਬੰਪਰ ਡਰਾਅ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ‘ਮੇਰਾ ਬਿੱਲ’ ਐਪ ’ਤੇ ਬਿੱਲ ਅਪਲੋਡ ਕਰਨ ਵਾਲਿਆਂ ਨੂੰ ਸੂਬਾ ਸਰਕਾਰ ਮਹੀਨਾਵਾਰ ਡਰਾਅ ਕੱਢ ਕੇ ਸਨਮਾਨਿਤ ਕਰਦੀ ਆ ਰਹੀ ਹੈ। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸੂਬੇ ਵਿੱਚ ਹਰ ਮਹੀਨੇ ਕੱਢੇ ਜਾਣ ਵਾਲੇ ਡਰਾਅ ਦੇ ਨਾਲ-ਨਾਲ ਹੁਣ ਤਿਮਾਹੀ ਬੰਪਰ ਡਰਾਅ ਵੀ ਕੱਢੇ ਜਾਣਗੇ।
ਪੰਜਾਬ ਸਰਕਾਰ ਵੱਲੋਂ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਤਿਮਾਹੀ ਬੰਪਰ ਡਰਾਅ ਤਹਿਤ ਪਹਿਲੇ ਨੰਬਰ ’ਤੇ ਆਉਣ ਵਾਲੇ ਨੂੰ ਇੱਕ ਲੱਖ ਰੁਪਏ, ਦੂਜੇ ਨੂੰ 50 ਹਜ਼ਾਰ ਅਤੇ ਤੀਜੇ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ।
ਸ੍ਰੀ ਚੀਮਾ ਨੇ ਕਿਹਾ ਕਿ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ ਅਪਰੈਲ ਤੋਂ ਅਗਸਤ 2025 ਤੱਕ ਕੁੱਲ 30,769 ਬਿੱਲ ਅਪਲੋਡ ਕੀਤੇ ਗਏ ਹਨ। ਇਸ ਦੇ ਨਤੀਜੇ ਵਜੋਂ 1,263 ਜੇਤੂਆਂ ਨੂੰ 78,13,715 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ‘ਮੇਰਾ ਬਿੱਲ’ ਐਪ ’ਤੇ ਅਪਲੋਡ ਸਾਰੇ ਬਿੱਲਾਂ ਦੀ ਸਖਤੀ ਨਾਲ ਤਸਦੀਕ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਪਲੋਡ ਬਿੱਲਾਂ ਵਿੱਚ ਪਾਈਆਂ ਖ਼ਾਮੀਆਂ ਕਾਰਨ ਸਕੀਮ ਦੀ ਸ਼ੁਰੂਆਤ ਤੋਂ ਹੁਣ ਤੱਕ 9.07 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ, ਜਿਨ੍ਹਾਂ ਵਿਚੋਂ 7.31 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੀ ਸ਼ੁਰੂਆਤ ਸਤੰਬਰ 2023 ਵਿੱਚ ਕੀਤੀ ਗਈ ਸੀ। ਇਸ ਸਕੀਮ ਵਿੱਚ ਕੁਦਰਤੀ ਗੈਸ, ਸ਼ਰਾਬ, ਸੂਬੇ ਤੋਂ ਬਾਹਰ ਖ਼ਰੀਦਦਾਰੀ ਸਮੇਤ ਪੈਟਰੋਲੀਅਮ ਉਤਪਾਦਾਂ ਨਾਲ ਸਬੰਧਤ ਬਿੱਲ ਸ਼ਾਮਿਲ ਨਹੀਂ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚੋਂ ਹੋਰ ਵਸਤੂਆਂ ਦੀ ਖਰੀਦਦਾਰੀ ਕਰਨ ਵਾਲੇ ਬਿੱਲ ਅਪਲੋਡ ਕੀਤੇ ਜਾ ਸਕਦੇ ਹਨ।