ਦਹਿਸ਼ਤੀ ਕਾਰਵਾਈਆਂ ’ਚ ਸ਼ਾਮਲ ਭਗੌੜਿਆਂ ਨੂੰ ਵਾਪਸ ਲਿਆਓ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਹਿਸ਼ਤੀ ਤੇ ਨਸ਼ਾ ਤਸਕਰੀ ਦੀਆਂ ਕਾਰਵਾਈਆਂ ਵਿਚ ਸ਼ਾਮਲ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਯਤਨ ਕਰਨ ਲਈ ਕਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਦੇਸ਼ ਬੈਠ ਕੇ ਦਹਿਸ਼ਤੀ ਕਾਰਵਾਈਆਂ ਕਰਨ ਵਾਲੇ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਖਤਮ ਕੀਤਾ ਜਾਵੇ। ਇੱਥੇ ਦੋ ਦਿਨਾ ਕੌਮੀ ਸੁਰੱਖਿਆ ਰਣਨੀਤੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਅਮਿਤ ਸ਼ਾਹ ਨੇ ਕੇਂਦਰੀ ਅਤੇ ਰਾਜ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਅੰਤਰ-ਏਜੰਸੀ ਤਾਲਮੇਲ ਵਧਾਉਣ ’ਤੇ ਵੀ ਜ਼ੋਰ ਦਿੱਤਾ। ਦਹਿਸ਼ਤੀ ਵਿੱਤ ਪ੍ਰਣਾਲੀ ਦੀ ਸਮੀਖਿਆ ਕਰਦਿਆਂ ਸ਼ਾਹ ਨੇ ਏਜੰਸੀਆਂ ਨੂੰ ਵਿੱਤੀ ਬੇਨਿਯਮੀਆਂ ਮਿਲਣ ’ਤੇ ਦਹਿਸ਼ਤੀ ਮਾਡਿਊਲਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ। ਗ੍ਰਹਿ ਮੰਤਰਾਲੇ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਪੁਲੀਸ ਸਿਰਫ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰੇ। ਗ੍ਰਹਿ ਮੰਤਰੀ ਨੇ ਏਜੰਸੀਆਂ ਨੂੰ ਦਹਿਸ਼ਤੀ ਅਤੇ ਤਸਕਰੀ ਗਤੀਵਿਧੀਆਂ ਵਿੱਚ ਸ਼ਾਮਲ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸਮਰਪਿਤ ਉਪਾਅ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਬਾਹਰੀ ਅਨਸਰ ਦੇਸ਼ ਦੇ ਹਿੱਤਾਂ ਨੂੰ ਪ੍ਰਭਾਵਿਤ ਕਰ ਰਹੇ ਹਨ, ਇਸ ਕਰ ਕੇ ਇਨ੍ਹਾਂ ਭਗੌੜਿਆਂ ਨੂੰ ਦੇਸ਼ ਵਿਚ ਲਿਆਉਣਾ ਜ਼ਰੂਰੀ ਹੈ।