ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਹੈ ਕਿ ਬ੍ਰਿਕਸ ਗੱਠਜੋੜ ਲੰਮੇ ਸਮੇਂ ਤੱਕ ਨਹੀਂ ਚੱਲੇਗਾ ਕਿਉਂਕਿ ਇਸ ਦੇ ਮੈਂਬਰ ਮੁਲਕ ਇੱਕ-ਦੂਜੇ ਨਾਲ ਨਫ਼ਰਤ ਕਰਦੇ ਹਨ। ਉਨ੍ਹਾਂ ਇਨ੍ਹਾਂ ਮੁਲਕਾਂ ਦੇ ਵਪਾਰ ਕਰਨ ਦੇ ਤਰੀਕਿਆਂ ਦੀ ਤੁਲਨਾ ‘ਪਿਸ਼ਾਚਾਂ’ ਨਾਲ ਕੀਤੀ ਹੈ ਜੋ ਅਮਰੀਕਾ ਦਾ ਖ਼ੂਨ ਚੂਸ ਰਹੇ ਹਨ।ਸ੍ਰੀ ਨਵਾਰੋ ਨੇ ‘ਰੀਅਲ ਅਮੈਰਿਕਾ’ਜ਼ ਵੁਆਇਸ’ ਸ਼ੋਅ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘ਮੈਨੂੰ ਸਮਝ ਨਹੀਂ ਆਉਂਦਾ ਕਿ ਬ੍ਰਿਕਸ ਗੱਠਜੋੜ ਕਿਵੇਂ ਇੱਕਜੁਟ ਰਹਿ ਸਕਦਾ ਹੈ, ਕਿਉਂਕਿ ਇਤਿਹਾਸਕ ਤੌਰ ’ਤੇ ਇਹ ਇੱਕ-ਦੂਜੇ ਨਾਲ ਨਫ਼ਰਤ ਕਰਦੇ ਤੇ ਇੱਕ-ਦੂਜੇ ਨਾਲ ਜੰਗ ਕਰਦੇ ਰਹੇ ਹਨ।’ ਬ੍ਰਿਕਸ ਮੁਲਕਾਂ ’ਤੇ ਤਿੱਖਾ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ,‘ਅਸਲ ਗੱਲ ਇਹ ਹੈ ਕਿ ਇਸ ਸਮੂੁਹ ਦਾ ਕੋਈ ਵੀ ਦੇਸ਼ ਉਦੋਂ ਤੱਕ ਆਪਣਾ ਵਜੂਦ ਕਾਇਮ ਨਹੀਂ ਰੱਖ ਸਕਦਾ, ਜਦੋਂ ਤੱਕ ਉਹ ਅਮਰੀਕਾ ਨੂੰ ਆਪਣਾ ਮਾਲ ਨਹੀਂ ਵੇਚਦਾ ਤੇ ਜਦੋਂ ਉਹ ਆਪਣਾ ਮਾਲ ਵੇਚਦੇ ਹਨ ਤਾਂ ਉਹ ਗਲਤ ਵਪਾਰਕ ਨੀਤੀਆਂ ਰਾਹੀਂ ਪਿਸ਼ਾਚਾਂ ਵਾਂਗ ਅਮਰੀਕਾ ਦਾ ਖ਼ੂਨ ਪੀਂਦੇ ਹਨ।’ਸ੍ਰੀ ਨਵਾਰੋ ਨੇ ਕਿਹਾ ਕਿ ਭਾਰਤ ਦਹਾਕਿਆਂ ਤੱਕ ਚੀਨ ਨਾਲ ਜੰਗ ਲੜਦਾ ਰਿਹਾ ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ,‘ਅਤੇ ਮੈਨੂੰ ਯਾਦ ਹੈ ਕਿ ਪਾਕਿਸਤਾਨ ਨੂੰ ਪਰਮਾਣੂ ਬੰਬ ਚੀਨ ਨੇ ਹੀ ਦਿੱਤਾ ਸੀ ਤੇ ਹੁਣ ਭਾਰਤ ’ਚ ਪੈਂਦੇ ਹਿੰਦ ਮਹਾਸਾਗਰ ’ਚ ਚੀਨੀ ਝੰਡਿਆਂ ਵਾਲੇ ਜਹਾਜ਼ ਦਿਖਾਈ ਦਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਖੋ ਤੁਸੀਂ ਇਸ ਮੁੱਦੇ ਨੂੰ ਕਿਵੇਂ ਨਜਿੱਠਦੇ ਹੋ?’ ਉਨ੍ਹਾਂ ਦਾਅਵਾ ਕੀਤਾ ਕਿ ਰੂਸ ਪੂਰੀ ਤਰ੍ਹਾਂ ਚੀਨ ਨਾਲ ਰਲਿਆ ਹੋਇਆ ਹੈ।ਸ੍ਰੀ ਨਵਾਰੋ ਨੇ ਦਾਅਵਾ ਕੀਤਾ ਕਿ ਚੀਨ ਦੀ ਨਜ਼ਰ ਰੂਸ ਦੀ ਵਲਾਦੀਵੋਸਤੋਕ ਬੰਦਰਗਾਹ ’ਤੇ ਹੈ ਤੇ ਇਸ ਵੱਲੋਂ ਪਹਿਲਾਂ ਹੀ ਸਾਇਬੇਰੀਆ ’ਚ ਬਸਤੀਆਂ ਕਾਇਮ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਰਾਸ਼ਟਰਪਤੀ ਲੁਈਜ਼ ਇਨੈਸੀਓ ਲੂਲਾ ਦਾ ਸਿਲਵਾ ਦੀ ਸਮਾਜਵਾਦੀ ਨੀਤੀਆਂ ਕਾਰਨ ਡੁੱਬਦੀ ਜਾ ਰਹੀ ਹੈ ਜਦਕਿ ਉਸ ਦੇਸ਼ ਦੇ ਅਸਲੀ ਨੇਤਾ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਭਾਰਤ ਨੂੰ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਲਈ ਕਿਹਾਰੂਸ ਤੋਂ ਤੇਲ ਦੀ ਸਭ ਤੋਂ ਵੱਧ ਦਰਾਮਦ ਕਰਨ ਵਾਲੇ ਚੀਨ ’ਤੇ ਵਾਧੂ ਪਾਬੰਦੀਆਂ ਲਾਉਣ ਬਾਰੇ ਸ੍ਰੀ ਨਵਾਰੋ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇੱਕ ਵਾਰ ਮੁੜ ਭਾਰਤ ਨੂੰ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਲਈ ਆਖਿਆ।-ਪੀਟੀਆਈ