ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਵੋਟਿੰਗ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਸ਼ੁੱਕਰਵਾਰ ਨੂੰ ਆਉਣ ਵਾਲੇ ਨਤੀਜਿਆਂ ’ਤੇ ਹਨ। ਇਸ ਦੌਰਾਨ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਅਤੇ ਵਿਰੋਧੀ ‘ਇੰਡੀਆ’ ਗੱਠਜੋੜ (ਮਹਾਗਠਬੰਧਨ) ਦੋਵੇਂ ਹੀ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਸੱਤਾਧਾਰੀ ਗੱਠਜੋੜ ਦਾ ਕਹਿਣਾ ਹੈ ਕਿ ਉੱਚੀ ਵੋਟਿੰਗ ਦਰ ਚੰਗੇ ਸ਼ਾਸਨ ਲਈ ਮਿਲੇ ਫਤਵੇ ਦਾ ਸੰਕੇਤ ਹੈ; ਵਿਰੋਧੀ ਧਿਰ ਇਸ ਨੂੰ ਬਦਲਾਅ ਦੀ ਲਹਿਰ ਦੱਸ ਰਹੀ ਹੈ।
ਤਕਰੀਬਨ ਸਾਰੇ ਐਗਜ਼ਿਟ ਪੋਲ ਐੱਨ ਡੀ ਏ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕਰ ਰਹੇ ਹਨ। ਭਾਜਪਾ ਆਗੂਆਂ ਨੇ ਤਾਂ ਜਿੱਤ ਦੇ ਜਸ਼ਨਾਂ ਲਈ ਮਠਿਆਈਆਂ ਦੇ ਆਰਡਰ ਵੀ ਦੇ ਦਿੱਤੇ ਹਨ। ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ, ‘‘ਲੋਕਾਂ ਨੇ ਵਿਕਾਸ ਲਈ ਵੋਟ ਪਾਈ ਹੈ ਜੋ ਸਿਰਫ਼ ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ ਦੀ ਸਾਂਝੀ ਅਗਵਾਈ ਹੀ ਦੇ ਸਕਦੀ ਹੈ।’’
ਦੂਜੇ ਪਾਸੇ ਵਿਰੋਧੀ ਧਿਰ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਐਗਜ਼ਿਟ ਪੋਲ ਨੂੰ ਨਕਾਰ ਦਿੱਤਾ ਹੈ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਵੀ ਕਿਹਾ, ‘‘ਮੈਂ ਬਿਹਾਰ ਵਿੱਚ ਲੋਕਾਂ ਦੀ ਨਬਜ਼ ਮਹਿਸੂਸ ਕੀਤੀ ਹੈ। ਉਨ੍ਹਾਂ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਵੋਟ ਪਾਈ ਹੈ। ਅਸੀਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੇ ਹਾਂ।’’ ਇਸੇ ਤਰ੍ਹਾਂ ਮਹਾਗਠਬੰਧਨ ਦੀ ਤੀਜੀ ਸਭ ਤੋਂ ਵੱਡੀ ਭਾਈਵਾਲ ਸੀ ਪੀ ਆਈ (ਐੱਮ ਐੱਲ)-ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਵੀ ਕਿਹਾ, ‘‘ਸਾਡੀਆਂ ਜ਼ਮੀਨੀ ਰਿਪੋਰਟਾਂ ਅਤੇ ਉੱਚੀ ਵੋਟਿੰਗ ਦਰ ਦੱਸਦੀ ਹੈ ਕਿ ਬਿਹਾਰ ਨੇ ਬਦਲਾਅ ਲਈ ਵੋਟ ਪਾਈ ਹੈ।’’
ਇਸ ਚੋਣ ਵਿੱਚ ਮੁੱਖ ਮੁਕਾਬਲਾ ਜੇ ਡੀ (ਯੂ)-ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਅਤੇ ਆਰ ਜੇ ਡੀ-ਕਾਂਗਰਸ ਦੀ ਅਗਵਾਈ ਹੇਠਲੇ ਮਹਾਗਠਬੰਧਨ ਵਿਚਾਲੇ ਹੈ। ਜੇ ਡੀ (ਯੂ) ਅਤੇ ਭਾਜਪਾ ਨੇ 243 ’ਚੋਂ 101-101 ਸੀਟਾਂ ’ਤੇ ਚੋਣ ਲੜੀ ਹੈ।
ਖ਼ੁਸ਼ਫਹਿਮੀ ’ਚ ਨਹੀਂ ਜਿਊਂਦੇ: ਤੇਜਸਵੀ
ਪਟਨਾ: ਮਹਾਗਠਬੰਧਨ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਕਿਹਾ ਕਿ ਉਹ ਨਾ ਤਾਂ ਖੁਸ਼ਫਹਿਮੀ ਵਿੱਚ ਅਤੇ ਨਾ ਹੀ ਕਿਸੇ ਗ਼ਲਤਫ਼ਹਿਮੀ ਵਿੱਚ ਜਿਊਂਦੇ ਹਨ। ਉਨ੍ਹਾਂ ਨੇ 18 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਆਪਣਾ ਦਾਅਵਾ ਦੁਹਰਾਇਆ।
ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਸਕਦੀ ਹੈ ਆਰ ਜੇ ਡੀ
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਅਨੁਸਾਰ ਭਾਵੇਂ ਐੱਨ ਡੀ ਏ ਗੱਠਜੋੜ ਮਹਾਗਠਬੰਧਨ ਤੋਂ ਅੱਗੇ ਰਹੇਗਾ ਪਰ ਆਰ ਜੇ ਡੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਸਕਦੀ ਹੈ।
ਭਾਜਪਾ ਨੇ 501 ਕਿਲੋ ਲੱਡੂ ਬਣਵਾਏ
ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਹੋਣ ਤੋਂ ਪਹਿਲਾਂ ਹੀ ਆਪਣੀ ਜਿੱਤੀ ਦੀ ਉਮੀਦ ਲਾਈ ਬੈਠੀ ਭਾਜਪਾ ਨੇ ਖ਼ੁਸ਼ੀ ਮਨਾਉਣ ਲਈ 501 ਕਿਲੋ ਲੱਡੂਆਂ ਦਾ ਆਰਡਰ ਦੇ ਦਿੱਤਾ ਹੈ। 6 ਤੇ 11 ਨਵੰਬਰ ਦੋ ਗੇੜਾਂ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਜਾਣਗੇ। ਬਿਹਾਰ ’ਚ 1951 ਤੋਂ ਬਾਅਦ ਸਭ ਤੋਂ ਵੱਧ 66.91 ਫੀਸਦ ਵੋਟਿੰਗ ਹੋਈ ਹੈ। ਜ਼ਿਆਦਾਤਰ ਐਗਜ਼ਿਟ ਪੋਲ ਐੱਨ ਡੀ ਏ ਦੇ ਹੱਕ ਵਿੱਚ ਆਏ ਹਨ। ਭਾਜਪਾ ਵਰਕਰ ਕ੍ਰਿਸ਼ਨ ਕੁਮਾਰ ਕੱਲੂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਐੱਨ ਡੀ ਏ ਆਪਣੀ ਜਿੱਤ ਦੀ ਖੁਸ਼ੀ ਵਿੱਚ ਹੋਲੀ, ਦੁਸਹਿਰਾ, ਦੀਵਾਲੀ ਤੇ ਈਦ ਮਨਾਏਗੀ।

