ਇੱਥੇ ਅੱਜ ਤਾਜ ਪੈਲੇਸ ਹੋਟਲ ਅਤੇ ਮੈਕਸ ਹਸਪਤਾਲ ਨੂੰ ਈ-ਮੇਲ ਰਾਹੀਂ ਬੰਬ ਦੀਆਂ ਧਮਕੀਆਂ ਮਿਲੀਆਂ, ਜੋ ਬਾਅਦ ਵਿੱਚ ਜਾਂਚ ਦੌਰਾਨ ਅਫਵਾਹ ਸਾਬਤ ਹੋਈਆਂ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸ਼ਾਲੀਮਾਰ ਬਾਗ ਸਥਿਤ ਤਾਜ ਪੈਲੇਸ ਅਤੇ ਦੁਪਹਿਰ ਨੂੰ ਦੁਆਰਕਾ ਸਥਿਤ ਮੈਕਸ ਹਸਪਤਾਲ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਮੌਕੇ ’ਤੇ ਪਹੁੰਚੇ ਪੁਲੀਸ ਦੇ ਬੰਬ ਨਿਰੋਧਕ ਦਸਤੇ, ਡਾਗ ਸਕੁਐਡ ਅਤੇ ਕੁਇਕ ਰਿਐਕਸ਼ਨ ਟੀਮ ਨੇ ਪੂਰੀ ਤਰ੍ਹਾਂ ਜਾਂਚ ਕੀਤੀ। ਜਾਂਚ ਤੋਂ ਬਾਅਦ ਧਮਕੀ ਨੂੰ ਅਫਵਾਹ ਐਲਾਨ ਦਿੱਤਾ ਗਿਆ। ਈਮੇਲ ਵਿੱਚ ਹੋਟਲ ਦੀ ਹਰ ਮੰਜ਼ਿਲ ’ਤੇ ਆਈ ਈ ਡੀ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਪੁਲੀਸ ਨੇ ਹੋਟਲ ਦੇ ਸਾਰੇ ਜਨਤਕ ਖੇਤਰਾਂ, ਪਾਰਕਿੰਗ ਜ਼ੋਨਾਂ ਅਤੇ ਕਮਰਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ, ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਪੁਲੀਸ ਦੀ ਸਾਈਬਰ ਟੀਮ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰ ਰਹੀ ਹੈ। ਤਾਜ ਪੈਲੇਸ ਦੇ ਤਰਜਮਾਨ ਨੇ ਕਿਹਾ ਕਿ ਮਹਿਮਾਨਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਅਹਿਮ ਹੈ ਅਤੇ ਉਹ ਹਮੇਸ਼ਾ ਚੌਕਸ ਰਹਿੰਦੇ ਹਨ। ਬੀਤੇ ਦਿਨ ਦਿੱਲੀ ਹਾਈ ਕੋਰਟ ਨੂੰ ਵੀ ਅਜਿਹੀ ਹੀ ਬੰਬ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਦੇ ਸਕੱਤਰੇਤ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਿਜ਼ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ ਤੇ ਇਹ ਵੀ ਅਫਵਾਹ ਸਾਬਤ ਹੋਈਆਂ ਸਨ। -ਪੀਟੀਆਈ